ਮੇਅਰ ਦੀ ਚੋਣ ਲਈ 24 ਜਨਵਰੀ ਨੂੰ ਹੋਵੇਗੀ MCD ਦੀ ਬੈਠਕ

Monday, Jan 16, 2023 - 04:28 PM (IST)

ਨਵੀਂ ਦਿੱਲੀ (ਭਾਸ਼ਾ)- ਉੱਪ ਰਾਜਪਾਲ ਵੀਕੇ ਸਕਸੈਨਾ ਨੇ ਨਵੇਂ ਚੁਣੇ ਕੌਂਸਲਰਾਂ ਦੇ ਸਹੁੰ ਚੁੱਕਣ ਅਤੇ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲਈ 24 ਜਨਵਰੀ ਨੂੰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀ ਅਗਲੀ ਬੈਠਕ ਬੁਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਨਿਵਾਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ, ਐੱਮ.ਸੀ.ਡੀ. ਸਦਨ ਦੀ ਪਹਿਲੀ ਬੈਠਕ ਨਵੇਂ ਚੁਣੇ ਕੌਂਸਲਰਾਂ ਦੇ ਹੰਗਾਮੇ ਤੋਂ ਬਾਅਦ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੇ ਬਿਨਾਂ ਹੀ ਮੁਲਤਵੀ ਕਰ ਦਿੱਤੀ ਗਈ ਸੀ। ਅਧਿਕਾਰੀ ਨੇ ਕਿਹਾ,''ਉੱਪ ਰਾਜਪਾਲ ਨੇ ਕੌਂਸਲਰਾਂ ਨੂੰ ਸਹੁੰ ਚੁਕਾਉਣ, ਮੇਅਰ, ਡਿਪਟੀ ਮੇਅਰ ਅਤੇ ਸਥਾਨ ਕਮੇਟੀ ਦੇ 6 ਮੈਂਬਰਾਂ ਦੀ ਚੋਣ ਲਈ 24 ਜਨਵਰੀ ਨੂੰ ਦਿੱਲੀ ਨਗਰ ਨਿਗਮ ਦੀ ਅਗਲੀ ਬੈਠਕ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।''

ਅਧਿਕਾਰੀਆਂ ਅਨੁਸਾਰ ਇਹ ਬੈਠਕ ਡਾ. ਐੱਸ.ਪੀ. ਮੁਖਰਜੀ ਸਿਵਿਕ ਸੈਂਟਰ ਦੇ ਅਰੁਣਾ ਆਸਫ਼ ਅਲੀ ਸਭਾਗਾਰ 'ਚ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਨਵੇਂ ਚੁਣੇ ਐੱਮ.ਸੀ.ਡੀ. ਦੀ ਪਹਿਲੀ ਬੈਠਕ 6 ਜਨਵਰੀ ਨੂੰ ਹੋਈ ਸੀ ਅਤੇ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕੀਤੇ ਬਿਨਾਂ ਹੀ ਮੁਲਤਵੀ ਕਰ ਦਿੱਤੀ ਗਈ, ਕਿਉਂਕਿ ਆਮ ਆਦਮੀ ਪਾਰਟੀ (ਆਪ) ਕੌਂਸਲਰਾਂ ਨੇ ਸਦਨ ਦੇ 10 'ਐਲਡਰਮੈਨ' (ਨਾਮਜ਼ਦ) ਮੈਂਬਰਾਂ ਨੂੰ ਸਹੁੰ ਚੁਕਾਏ ਜਾਣ ਨੂੰ ਲੈ ਕੇ ਵਿਰੋਧ ਜਤਾਇਆ ਸੀ। ਸਦਨ 'ਚ ਹੋਈ ਝੜਪ ਤੋਂ ਬਾਅਦ ਭਾਜਪਾ ਅਤੇ 'ਆਪ' ਨੇ ਇਕ-ਦੂਜੇ 'ਤੇ ਆਪਣੇ ਕੌਂਸਲਰਾਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ।


DIsha

Content Editor

Related News