MCD ਚੋਣਾਂ: ਭਾਜਪਾ ਕੌਮੀ ਪ੍ਰਧਾਨ JP ਨੱਢਾ ਸਮੇਤ ਕਈ ਕੇਂਦਰੀ ਮੰਤਰੀ ਅੱਜ ਦਿੱਲੀ ’ਚ ਕਰਨਗੇ ਰੋਡ ਸ਼ੋਅ

11/20/2022 10:25:27 AM

ਨਵੀਂ ਦਿੱਲੀ- ਭਾਜਪਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ, ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਕਈ ਕੇਂਦਰੀ ਮੰਤਰੀ ਦਿੱਲੀ ਨਗਰ ਨਿਗਮ (MCD) ਦੀਆਂ ਚੋਣਾਂ ਤੋਂ ਪਹਿਲਾਂ ਦਿੱਲੀ ’ਚ ਆਯੋਜਿਤ ਹੋਣ ਵਾਲੇ 14 ਰੋਡ ਸ਼ੋਅ ’ਚ ਹਿੱਸਾ ਲੈਣਗੇ। ਭਾਜਪਾ ਵੱਲੋਂ ਜਾਰੀ ਇਕ ਬਿਆਨ ’ਚ ਦੱਸਿਆ ਗਿਆ ਹੈ ਕਿ ਰੋਡ ਸ਼ੋਅ ’ਚ ਸ਼ਾਮਲ ਹੋਣ ਵਾਲੇ ਆਗੂਆਂ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਆਸਾਮ ਦੇ ਉਨ੍ਹਾਂ ਦੇ ਹਮ-ਰੁਤਬਾ ਹਿੰਮਤ ਬਿਸਵਾ ਸਰਮਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ਼ਾਮਲ ਹਨ। 

MCD ਦੇ 250 ਵਾਰਡਾ ’ਤੇ ਚੋਣਾਂ ਲਈ ਵੋਟਾਂ 4 ਦਸੰਬਰ ਨੂੰ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਕੀਤੀ ਜਾਵੇਗੀ। ਭਾਜਪਾ ਦੀ ਦਿੱਲੀ ਇਕਾਈ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਚਾਹਲ ਨੇ 20 ਨਵੰਬਰ ਨੂੰ ‘ਮਹਾ ਐਤਵਾਰ’ ਕਰਾਰ ਦਿੰਦੇ ਹੋਏ ਕਿਹਾ ਕਿ ਨੱਢਾ ਰਾਸ਼ਟਰੀ ਰਾਜਧਾਨੀ ਦੇ ਸੰਗਮ ਵਿਹਾਰ ਇਲਾਕੇ ’ਚ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਦੱਸਿਆ ਕਿ ਰਾਜਨਾਥ ਸਿੰਘ, ਗਜੇਂਦਰ ਸਿੰਘ ਸ਼ੇਖਾਵਤ, ਹਰਦੀਪ ਸਿੰਘ ਪੁਰੀ, ਜਤੇਂਦਰ ਸਿੰਘ ਅਤੇ ਮੀਨਾਕਸ਼ੀ ਲੇਖੀ ਸਮੇਤ ਕਈ ਹੋਰ ਕੇਂਦਰੀ ਮੰਤਰੀ ਵੀ ਵੱਖ-ਵੱਖ ਖੇਤਰਾਂ ’ਚ ਹੋਣ ਵਾਲੇ ਰੋਡ ਸ਼ੋਅ ’ਚ ਸ਼ਿਰਕਤ ਕਰਨਗੇ। 

ਚਾਹਲ ਮੁਤਾਬਕ ਭਾਜਪਾ ਦੇ ਦਿੱਲੀ ਦੇ ਸੰਸਦ ਮੈਂਬਰ ਹਰਸ਼ਵਰਧਨ, ਮਨੋਜ ਤਿਵਾੜੀ, ਰਮੇਸ਼ ਬਿਧੂੜੀ, ਪ੍ਰਵੇਸ਼ ਵਰਮਾ, ਗੌਤਮ ਗੰਭੀਰ ਅਤੇ ਹੰਸਰਾਜ ਹੰਸ ਵੀ ਰੋਡ ਸ਼ੋਅ ’ਚ ਸ਼ਾਮਲ ਹੋਣਗੇ। ਭਾਜਪਾ ਬੁਲਾਰੇ ਹਰੀਸ਼ ਖੁਰਾਨਾ ਨੇ ਕਿਹਾ ਕਿ MCD ਚੋਣਾਂ ਦਿੱਲੀ ਦੀ ਜਨਤਾ ਸਾਹਮਣੇ ਅਰਵਿੰਦ ਕੇਜਰੀਵਾਲ ਅਗਵਾਈ ਵਾਲੀ ‘ਭ੍ਰਿਸ਼ਟ’ ਸਰਕਾਰ ਨੂੰ ਸਬਕ ਸਿਖਾਉਣ ਦਾ ਮੌਕਾ ਹੈ, ਜੋ ਹਵਾ ਪ੍ਰਦੂਸ਼ਣ ਸਮੇਤ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰਨ ’ਚ ਨਾਕਾਮ ਰਹੀ ਹੈ।


Tanu

Content Editor

Related News