ਸਟੇਡੀਅਮ ''ਚ ਕੁੱਤਾ ਘੁਮਾਉਣ ਤੋਂ ਸਤਿਆ ਨਿਕੇਤਨ ਹਾਦਸੇ ਤੱਕ ! ਮੁੜ ਵਿਵਾਦਾਂ ''ਚ MCD ਕਮਿਸ਼ਨਰ ਸੰਜੀਵ ਖਿਰਵਾਰ
Monday, Sep 07, 2026 - 07:31 PM (IST)
ਨਵੀਂ ਦਿੱਲੀ: ਦੱਖਣੀ-ਪੱਛਮੀ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ 'ਚ ਵਾਪਰੇ ਇੱਕ ਦਰਦਨਾਕ ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਗ ਦੇ ਕਮਿਸ਼ਨਰ ਸੰਜੀਵ ਖਿਰਵਾਰ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਇੱਥੇ ਐਤਵਾਰ ਨੂੰ ‘ਹੌਸਟਲ ਡੇਜ਼’ ਨਾਮਕ ਇੱਕ ਪੰਜ ਮੰਜ਼ਿਲਾ ਬੁਆਏਜ਼ ਪੀਜੀ ਦੀ ਇਮਾਰਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਇਲਾਕੇ 'ਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਬਹੁਤ ਹੀ ਭੀੜ-ਭੜੱਕੇ ਵਾਲੇ ਕਮਰਿਆਂ 'ਚ ਰਹਿੰਦੇ ਹਨ। ਇਸ ਹਾਦਸੇ ਤੋਂ ਤੁਰੰਤ ਬਾਅਦ ਸੋਮਵਾਰ ਨੂੰ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦਿਆਂ ਪੰਜ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ, ਸੁਪਰਿੰਟੈਂਡਿੰਗ ਇੰਜੀਨੀਅਰ ਰਣਵੀਰ ਸਿੰਘ, ਐਗਜ਼ੀਕਿਊਟਿਵ ਇੰਜੀਨੀਅਰ ਲਲਿਤ ਕੁਮਾਰ ਗੋਇਲ, ਅਸਿਸਟੈਂਟ ਇੰਜੀਨੀਅਰ ਸੁਨੀਲ ਚੌਹਾਨ ਅਤੇ ਜੂਨੀਅਰ ਇੰਜੀਨੀਅਰ ਆਸ਼ੀਸ਼ ਕੁਮਾਰ ਸ਼ਾਮਲ ਹਨ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਮਸੀਡੀ ਕਮਿਸ਼ਨਰ ਸੰਜੀਵ ਖਿਰਵਾਰ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਹੀ ਉਸੇ ਇਲਾਕੇ ਦੀਆਂ 3-4 ਇਮਾਰਤਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਨਿਯਮਿਤ ਜਾਂਚ ਚੱਲਦੀ ਰਹਿੰਦੀ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਵਿੱਚ ਨਿਗਮ ਵੱਲੋਂ 960 ਇਮਾਰਤਾਂ ਨੂੰ ਢਾਹਿਆ ਗਿਆ ਹੈ, 407 ਨੂੰ ਸੀਲ ਕੀਤਾ ਗਿਆ ਹੈ ਅਤੇ 1500 ਇਮਾਰਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਮੁੜ ਚਰਚਾ 'ਚ ਲਿਆਂਦਾ ਸੰਜੀਵ ਖਿਰਵਾਰ ਦਾ ਪੁਰਾਣਾ ਵਿਵਾਦ
ਇਸੇ ਸਾਲ ਜਨਵਰੀ 'ਚ ਐਮਸੀਡੀ ਦੇ ਕਮਿਸ਼ਨਰ ਬਣੇ ਸੰਜੀਵ ਖਿਰਵਾਰ ਪਹਿਲਾਂ ਵੀ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਸਾਲ 2022 ਵਿੱਚ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਕੁੱਤਾ ਘੁਮਾਉਣ ਦੇ ਮਾਮਲੇ ਕਾਰਨ ਉਹ ਕਾਫੀ ਸੁਰਖੀਆਂ ਵਿੱਚ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਦਿੱਲੀ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ। ਉਨ੍ਹਾਂ 'ਤੇ ਦੋਸ਼ ਸੀ ਕਿ ਖਿਡਾਰੀਆਂ ਨੂੰ ਸਟੇਡੀਅਮ ਵਿੱਚੋਂ ਜਲਦੀ (ਸ਼ਾਮ 7 ਵਜੇ ਤੱਕ) ਬਾਹਰ ਜਾਣ ਲਈ ਕਿਹਾ ਜਾਂਦਾ ਸੀ ਤਾਂ ਜੋ ਅਧਿਕਾਰੀ ਉੱਥੇ ਆਪਣਾ ਕੁੱਤਾ ਘੁਮਾ ਸਕਣ, ਜਦੋਂ ਕਿ ਖਿਡਾਰੀ ਪਹਿਲਾਂ ਰਾਤ 8:00 ਤੋਂ 8:30 ਵਜੇ ਤੱਕ ਅਭਿਆਸ ਕਰਦੇ ਸਨ। ਹਾਲਾਂਕਿ, ਖਿਰਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਖਿਡਾਰੀਆਂ ਦੇ ਅਭਿਆਸ ਵਿੱਚ ਕੋਈ ਰੁਕਾਵਟ ਨਹੀਂ ਪਾਈ।
ਸੰਜੀਵ ਖਿਰਵਾਰ ਕੰਪਿਊਟਰ ਸਾਇੰਸ ਵਿੱਚ ਬੀ.ਟੈਕ ਹਨ ਅਤੇ ਉਨ੍ਹਾਂ ਨੇ ਪੰਜਾਬ ਤੋਂ ਅਰਥ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਉਹ ਇਸ ਤੋਂ ਪਹਿਲਾਂ ਦਿੱਲੀ ਅਤੇ ਚੰਡੀਗੜ੍ਹ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਗੋਆ, ਅੰਡਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
