RSS ਨੇ ਵੀ ਛੱਡਿਆ ਸਾਥ, ਡੁੱਬ ਰਹੀ ਹੈ ਭਾਜਪਾ ਦੀ ਕਿਸ਼ਤੀ : ਮਾਇਆਵਤੀ
Tuesday, May 14, 2019 - 06:38 AM (IST)

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਕਿਸ਼ਤੀ ਡੁੱਬ ਰਹੀ ਹੈ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਵੀ ਉਸ ਦਾ ਸਾਥ ਛੱਡ ਦਿੱਤਾ ਹੈ। ਮਾਇਆਵਤੀ ਨੇ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸ਼ਤੀ ਡੁੱਬ ਰਹੀ ਹੈ। ਇਸ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਆਰ.ਐੱਸ.ਐੱਸ. ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਵਾਅਦਾਖਿਲਾਫ਼ੀ ਨਾਲ ਆਰ.ਐੱਸ.ਐੱਸ. ਅਤੇ ਜਨਤਾ ਨਾਰਾਜ਼ ਹੈ ਅਤੇ ਹਾਰ ਨਾਲ ਭਾਜਪਾ ਬੌਖਲਾ ਗਈ ਹੈ।
ਮਾਇਆਵਤੀ ਨੇ ਕਿਹਾ ਕਿ ਚੋਣ ਪ੍ਰਚਾਰ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਦਾ ਦੋਹਰਾ ਚਰਿੱਤਰ ਉਜਾਗਰ ਹੋਇਆ ਹੈ ਅਤੇ ਭਾਜਪਾ ਵਰਕਰਾਂ 'ਚ ਨਿਰਾਸ਼ਾ ਹੈ। ਦੇਸ਼ ਨੂੰ ਸਾਫ਼ ਅਕਸ ਵਾਲਾ ਪ੍ਰਧਾਨ ਮੰਤਰੀ ਚਾਹੀਦਾ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਪ੍ਰਚਾਰ ਕੀਤੇ ਜਾਣ ਵਾਲੇ ਰੋਡ ਸ਼ੋਅ ਦਾ ਖਰਚ ਉਮੀਦਵਾਰਾਂ ਦੇ ਖਰਚ 'ਚ ਜੋੜਨ ਅਤੇ ਮੰਦਰਾਂ 'ਚ ਪੂਜਾ ਦੀ ਵਰਤੋਂ ਚੋਣ ਪ੍ਰਚਾਰ ਲਈ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ।