ਪੰਜਾਬ ''ਚ ਕੋਰੋਨਾ ਟੀਕੇ ਨਿੱਜੀ ਹਸਪਤਾਲਾਂ ਨੂੰ ਵੇਚੇ ਜਾਣ ਦੀ ਮਾਇਆਵਤੀ ਨੇ ਕੀਤੀ ਨਿੰਦਾ
Saturday, Jun 05, 2021 - 12:16 PM (IST)
ਲਖਨਊ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪੰਜਾਬ ਸਰਕਾਰ ਵਲੋਂ ਕਥਿਤ ਤੌਰ 'ਤੇ ਕੋਰੋਨਾ ਵਾਇਰਸ ਸੰਕਰਮਣ ਰੋਕੂ ਟੀਕਿਆਂ ਨੂੰ ਨਿੱਜੀ ਹਸਪਤਾਲਾਂ ਨੂੰ ਵੇਚੇ ਜਾਣ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਬੇਹੱਦ ਮੰਦਭਾਗੀ ਕਰਾਰ ਦਿੱਤਾ। ਬਸਪਾ ਨੇਤਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ,''ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਟੀਕਿਆਂ ਨੂੰ ਕੇਂਦਰ ਤੋਂ 400 ਰੁਪਏ 'ਚ ਖਰੀਦ ਕਰ ਕੇ ਸਰਕਾਰੀ ਹਸਪਤਾਲਾਂ ਰਾਹੀਂ ਜਨਤਾ ਨੂੰ ਉਸ ਦਾ ਲਾਭ ਦੇਣ ਦੀ ਬਜਾਏ ਉਸ ਨੂੰ ਨਿੱਜੀ ਹਸਪਤਾਲਾਂ ਨੂੰ 1,060 ਰੁਪਏ 'ਚ ਵੇਚ ਕੇ ਆਫ਼ਤ 'ਚ ਵੀ ਮੁਨਾਫ਼ਾ ਕਮਾਉਣ ਦਾ ਕੰਮ ਅਣਮਨੁੱਖੀ, ਨਿੰਦਾਯੋਗ ਅਤੇ ਬੇਹੱਦ ਮੰਦਭਾਗੀ ਹੈ।'' ਉਨ੍ਹਾਂ ਨੇ ਦੂਜੇ ਟਵੀਟ 'ਚ ਕਿਹਾ,''ਪੰਜਾਬ ਸਰਕਾਰ ਦੀ ਇਸ ਗਲਤ ਹਰਕਤ ਦਾ ਮੀਡੀਆ ਵਲੋਂ ਪਰਦਾਫਾਸ਼ ਕਰਨ ਤੋਂ ਬਾਅਦ ਸਪੱਸ਼ਟ ਹੈ ਕਿ ਟੀਕੇ ਦੇ ਸੰਬੰਧ 'ਚ ਕਾਂਗਰਸ ਦੀ ਅਗਵਾਈ ਦਾ ਹੁਣ ਤੱਕ ਦਾ ਜੋ ਵੀ ਰੁਖ ਅਤੇ ਬਿਆਨਬਾਜ਼ੀ ਆਦਿ ਰਹੀ ਹੈ, ਉਸ 'ਚ ਗੰਭੀਰਤਾ ਘੱਟ ਅਤੇ ਨਾਟਕਬਾਜ਼ੀ ਜ਼ਿਆਦਾ ਲੱਗਦੀ ਹੈ। ਕੇਂਦਰ ਸਰਕਾਰ ਇਸ ਦਾ ਉੱਚਿਤ ਨੋਟਿਸ ਲਵੋ, ਬਸਪਾ ਦੀ ਇਹ ਮੰਗ।''
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਪੰਜਾਬ ਸਰਕਾਰ 'ਤੇ 'ਉੱਚੀਆਂ ਕੀਮਤਾਂ' 'ਤੇ ਨਿੱਜੀ ਹਸਾਪਤਾਲਂ ਨੂੰ ਕੋਰੋਨਾ ਦੀ ਖੁਰਾਕ ਵੇਚਣ ਦਾ ਦੋਸ਼ ਲਗਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਇਕ ਬਿਆਨ 'ਚ ਦੋਸ਼ ਲਗਾਇਆ ਕਿ ਸੂਬੇ 'ਚ ਟੀਕੇ ਦੀ ਖੁਰਾਕ ਉਪਲੱਬਧ ਨਹੀਂ ਹਨ ਅਤੇ ਆਮ ਲੋਕਾਂ ਨੂੰ ਮੁਫ਼ਤ 'ਚ ਟੀਕੇ ਦੀ ਖੁਰਾਕ ਦੇਣ ਦੇ ਬਦਲੇ ਉਸ ਨੂੰ ਨਿੱਜੀ ਸੰਸਥਾਵਾਂ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੋਵੈਕਸੀਨ ਟੀਕੇ ਦੀ ਖੁਰਾਕ ਸੂਬੇ ਨੂੰ 400 ਰੁਪਏ 'ਚ ਮਿਲਦੀ ਹੈ ਅਤੇ ਉਸ ਨੂੰ ਨਿੱਜੀ ਹਸਪਤਾਲਾਂ ਨੂੰ 1,060 ਰੁਪਏ 'ਚ ਵੇਚਿਆ ਜਾ ਰਿਹਾ ਹੈ।