ਮਾਇਆਵਤੀ 23 ਮਈ ਤੱਕ ''ਦੇਖੋ ਅਤੇ ਇੰਤਜ਼ਾਰ ਕਰੋ'' ਦੀ ਨੀਤੀ ਅਪਣਾਏਗੀ, ਲਖਨਊ ''ਚ ਹੀ ਰਹੇਗੀ

05/20/2019 4:58:25 PM

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੱਕ 'ਵੇਟ ਐਂਡ ਵਾਚ' ਨੀਤੀ 'ਤੇ ਅਮਲ ਕਰੇਗੀ। ਸੋਮਵਾਰ ਨੂੰ ਉਨ੍ਹਾਂ ਦੇ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਚੇਅਰਮੈਨ ਅਖਿਲੇਸ਼ ਯਾਦਵ ਦਰਮਿਆਨ ਕਰੀਬ ਇਕ ਘੰਟੇ ਤੱਕ ਵਿਚਾਰ ਹੋਇਆ। ਹਾਲਾਂਕਿ ਇਸ ਵਿਚਾਰ-ਚਰਚਾ 'ਚ ਕਿਹੜੇ ਮੁੱਦਿਆਂ 'ਤੇ ਗੱਲ ਹੋਈ, ਇਸ ਬਾਰੇ ਸਹੀ ਜਾਣਕਾਰੀ ਤਾਂ ਨਹੀਂ ਲੱਗ ਸਕੀ ਪਰ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਦੋਹਾਂ ਨੇਤਾਵਾਂ ਦਰਮਿਆਨ ਚਰਚਾ ਦਾ ਮੁੱਖ ਮੁੱਦਾ ਐਗਜਿਟ ਪੋਲ ਰਹੇ ਹੋਣਗੇ। ਪਾਰਟੀ ਦੇ ਇਕ ਸੀਨੀਅਰ ਨੇਤਾ ਦੱਸਿਆ,''ਭਵਿੱਖ 'ਚ ਪਾਰਟੀ ਦੀ ਕੀ ਰਣਨੀਤੀ ਰਹੇਗੀ, ਇਸ ਦਾ ਖੁਲਾਸਾ ਚੋਣਾਂ ਦੇ ਆਖਰੀ ਨਤੀਜੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ ਪਰ ਉਦੋਂ ਤੱਕ ਭੈਣ ਜੀ ਲਖਨਊ 'ਚ ਹੀ ਰਹੇਗੀ।'' ਵੱਖ-ਵੱਖ ਐਗਜਿਟ ਪੋਲ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਸਪਾ-ਬਸਪਾ ਗਠਜੋੜ ਉੱਤਰ ਪ੍ਰਦੇਸ਼ 'ਚ ਭਾਜਪਾ ਦੀ 2014 ਦੀਆਂ ਸੀਟਾਂ 'ਚ ਕਮੀ ਤਾਂ ਲਿਆਏਗਾ ਪਰ ਇਸ ਦੇ ਬਾਵਜੂਦ ਉਹ ਕੇਂਦਰ 'ਚ ਰਾਜਗ ਨੂੰ ਸਰਕਾਰ ਬਣਾਉਣ ਤੋਂ ਨਹੀਂ ਰੋਕ ਸਕੇਗਾ।

ਐਗਜਿਟ ਪੋਲ 'ਚ ਕੇਂਦਰ 'ਚ ਰਾਜਗ ਦੀ ਸਰਕਾਰ ਬਣਨ ਦੇ ਕਿਆਸਾਂ ਦਰਮਿਆਨ ਗਠਜੋੜ ਸਹਿਯੋਗੀ ਬਸਪਾ ਸੁਪਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ 'ਚ ਸਪਾ-ਬਸਪਾ ਅਤੇ ਰਾਲੋਦ ਨੇ ਗਠਜੋੜ ਕਰ ਕੇ ਚੋਣਾਂ ਲੜੀਆਂ ਸਨ। ਅਖਿਲੇਸ਼ ਸੋਮਵਾਰ ਦੁਪਹਿਰ ਬਸਪਾ ਮੁਖੀ ਦੇ ਘਰ ਪਹੁੰਚੇ ਅਤੇ ਦੋਹਾਂ ਨੇਤਾਵਾਂ ਦਰਮਿਆਨ ਇਕ ਘੰਟੇ ਤੱਕ ਗੱਲਬਾਤ ਹੋਈ। ਦੋਹਾਂ ਨੇਤਾਵਾਂ ਦਰਮਿਆਨ ਗੱਲਬਾਤ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਗਠਜੋੜ ਦੀਆਂ ਦੋਹਾਂ ਪਾਰਟੀਆਂ ਦੇ ਨੇਤਾ ਹਾਲਾਂਕਿ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਭਾਰਤੀ ਜਨਤਾ ਪਾਰਟੀ ਨੂੰ 300 ਤੋਂ ਵਧ ਸੀਟਾਂ ਮਿਲਣਗੀਆਂ ਉਹ ਆਸਾਨੀ ਨਾਲ ਕੇਂਦਰ 'ਚ ਸਰਕਾਰ ਬਣਾ ਲਵੇਗੀ। ਇਕ ਹੋਰ ਨੇਤਾ ਨੇ ਕਿਹਾ,''ਸਾਨੂੰ (ਸਪਾ-ਬਸਪਾ-ਰਾਲੋਦ) 55 ਸੀਟਾਂ ਤੋਂ ਘੱਟ ਤਾਂ ਕਿਸੇ ਵੀ ਹਾਲਤ 'ਚ ਨਹੀਂ ਮਿਲਣਗੀਆਂ।'' ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਰਾਜਧਾਨੀ 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਆਉਣ ਅਤੇ ਉਦੋਂ ਤੱਕ ਉਹ ਆਪਣੇ-ਆਪਣੇ ਖੇਤਰਾਂ 'ਚ ਰਹਿਣ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ 71 ਸੀਟਾਂ ਅਤੇ ਉਸ ਦੇ ਸਹਿਯੋਗੀ ਆਪਣਾ ਦਲ ਨੂੰ 2 ਸੀਟਾਂ, ਸਮਾਜਵਾਦੀ ਪਾਰਟੀ ਨੂੰ 5, ਕਾਂਗਰਸ ਨੂੰ 2 ਸੀਟਾਂ ਮਿਲੀਆਂ ਸਨ, ਜਦੋਂ ਕਿ ਬਸਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ।


DIsha

Content Editor

Related News