ਮੌਰਿਆ ਨੇ ਯੂ. ਪੀ. ’ਚ ਇਕ ਹੋਰ ਹਮਲਾ ਕੀਤਾ

Sunday, Aug 04, 2024 - 04:22 PM (IST)

ਨਵੀਂ ਦਿੱਲੀ- ਅਜਿਹਾ ਨਹੀਂ ਹੈ ਕਿ ਭਾਜਪਾ ਹਾਈ ਕਮਾਨ ਪਿਛਲੇ ਕੁਝ ਸਮੇਂ ਤੋਂ ਯੋਗੀ ’ਤੇ ਕੋਈ ਨਿਸ਼ਾਨਾ ਨਹੀਂ ਵਿੰਨ੍ਹ ਰਹੀ, ਪਰ ਇਹ ਯੋਜਨਾ ਕਾਮਯਾਬ ਨਹੀਂ ਹੋ ਰਹੀ ਕਿਉਂਕਿ ‘ਬੁਲਡੋਜ਼ਰ ਬਾਬਾ’ ਦਾ ਸੂਬੇ ’ਚ ਹੀ ਨਹੀਂ, ਪੂਰੇ ਦੇਸ਼ ’ਚ ਹੀ ਆਪਣਾ ਰੁਤਬਾ ਹੈ।

ਜੂਨ ’ਚ ਲੋਕ ਸਭਾ ਦੀਆਂ ਹੋਈਆਂ ਚੋਣਾਂ ’ਚ ਜਦੋਂ ਭਾਜਪਾ 80 ’ਚੋਂ ਸਿਰਫ 33 ਸੀਟਾਂ ਤੇ ਹੀ ਜਿੱਤ ਹਾਸਲ ਕਰ ਸਕੀ ਤਾਂ ਹਾਈ ਕਮਾਨ ਨੂੰ ਉਮੀਦ ਸੀ ਕਿ ਯੋਗੀ ਅਸਤੀਫਾ ਦੇਣ ਦੀ ਪੇਸ਼ਕਸ਼ ਕਰਨਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਉਲਟਾ ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਮੇਰੀਆਂ ਸਿਫ਼ਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਅਯੋਗ ਉਮੀਦਵਾਰਾਂ ਨੂੰ ਟਿਕਟਾਂ ਵੰਡੀਆਂ ਗਈਆਂ। ਸਪੱਸ਼ਟ ਹੈ ਕਿ ਉਹ ਅਹੁਦਾ ਛੱਡਣ ਦੇ ਮੂਡ ’ਚ ਨਹੀਂ ਹਨ।

ਕੁਝ ਹੀ ਦਿਨਾਂ ’ਚ ਯੋਗੀ ਦੇ ਕੱਟੜ ਸਿਆਸੀ ਵਿਰੋਧੀ ਤੇ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰਿਆ ਨੇ ਯੋਗੀ ਦਾ ਨਾਂ ਲਏ ਬਿਨਾਂ ਮੀਡੀਆ ’ਚ ਇਹ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਕਿ 'ਪਾਰਟੀ ਤੋਂ ਵੱਡਾ ਕੋਈ ਵਿਅਕਤੀ ਨਹੀਂ ਹੁੰਦਾ। ਬ੍ਰਜੇਸ਼ ਪਾਠਕ ਨੇ ਵੀ ਮੌਰਿਆ ਦੀ ਹਮਾਇਤ ਕੀਤੀ।

ਜਿਸ ਦਿਨ ਯੋਗੀ ਲਖਨਊ ਪਰਤੇ, ਮੌਰਿਆ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਲਈ ਮੁੱਖ ਮੰਤਰੀ ਨੂੰ ਦੱਸੇ ਬਿਨਾਂ ਪੁਲਸ ਮੁਖੀ ਸਮੇਤ ਹੋਰ ਉੱਚ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਕ ਹੋਰ ਹਮਲਾ ਕੀਤਾ।

ਗ੍ਰਹਿ ਵਿਭਾਗ ਯੋਗੀ ਕੋਲ ਹੈ ਮੌਰਿਆ ਕੋਲ ਨਹੀਂ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਭੜਕਾਉਣ ਲਈ ਇਹ ਤਾਜ਼ਾ ਗੁਗਲੀ ਹੈ।

ਭਾਜਪਾ ਹਾਈ ਕਮਾਂਡ ਦੀ ਦੁਬਿਧਾ ਇਹ ਹੈ ਕਿ ਯੋਗੀ ਨੂੰ ਬਰਖਾਸਤ ਕਰਨ ਦੀ ਬਜਾਏ ਉਨ੍ਹਾਂ ਨੂੰ ਕਿਵੇਂ ਹਟਾਇਆ ਜਾਏ? ਭਾਜਪਾ ਜਾਣਦੀ ਹੈ ਕਿ ਯੂ.ਪੀ. ’ਚ ਓ. ਬੀ. ਸੀ. ਨਾਲ ਸਬੰਧਤ ਕਈ ਜਾਤੀਆਂ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ। ਦਲਿਤਾਂ ਦਾ ਸਮਰਥਨ ਵੀ ਘਟਦਾ ਜਾ ਰਿਹਾ ਹੈ।

ਹਾਈ ਕਮਾਨ ਯੋਗੀ ਨੂੰ ਬਰਖਾਸਤ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਦੇ ਗੰਭੀਰ ਸਿਆਸੀ ਨਤੀਜੇ ਹੋ ਸਕਦੇ ਹਨ। ਉਹ ਯੋਗੀ ਤੋਂ ਬਿਨਾਂ ਯੂ.ਪੀ. ’ਚ ਜਿੱਤਣ ਦੇ ਫਾਰਮੂਲੇ ਦੀ ਭਾਲ ਕਰ ਰਹੀ ਹੈ , ਇਸ ਲਈ ਦੇਰੀ ਹੋ ਰਹੀ ਹੈ।

ਉਦੋਂ ਤੱਕ ਮੌਰੀਆ ਇਕ ਤੋਂ ਬਾਅਦ ਇਕ ਹਮਲੇ ਕਰਦੇ ਰਹਿਣਗੇ। ਬੀਤੇ ਦਿਨ ਵੀ ਯੋਗੀ ’ਤੇ ਇਕ ਹੋਰ ਅਸਿੱਧਾ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਸੀ ਕਿ ਪਾਰਟੀ ਹੀ ਸੁਪਰੀਮ ਹੁੰਦੀ ਹੈ। ਹਾਈ ਕਮਾਨ ਚੁੱਪ ਹੈ।


Rakesh

Content Editor

Related News