Matrimonial ਸਾਈਟ ''ਤੇ ਕਦੇ ਨਾ ਕਰੋ ਇਹ ਗਲਤੀ, ਇਸ ਮਹਿਲਾ ਨਾਲ ਜੋ ਹੋਇਆ ਜਾਣ ਰਹਿ ਜਾਓਗੇ ਹੈਰਾਨ
Tuesday, Jan 20, 2026 - 04:31 PM (IST)
ਨੈਸ਼ਨਲ ਡੈਸਕ- ਆਨਲਾਈਨ ਵਿਆਹ ਦੇ ਪਲੇਟਫਾਰਮ 'ਤੇ ਸਾਈਬਰ ਠੱਗੀ ਦਾ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਠੱਗ ਨੇ ਮੈਟਰੀਮੋਨੀਅਲ ਵੈੱਬਸਾਈਟ 'ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਇਕ ਸਾਫਟਵੇਅਰ ਇੰਜੀਨੀਅਰ ਮਹਿਲਾ ਨੂੰ ਆਪਣੇ ਜਾਲ 'ਚ ਫਸਾਇਆ ਅਤੇ ਉਸ ਨਾਲ ਲਗਭਗ 1.53 ਕਰੋੜ ਰੁਪਏ ਦੀ ਠੱਗੀ ਮਾਰੀ। ਕਰਨਾਟਕ ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਤਨੀ ਨੂੰ ਭੈਣ ਦੱਸ ਕੇ ਜਿੱਤਿਆ ਭਰੋਸਾ
ਪੀੜਤ ਮਹਿਲਾ ਦੀ ਮੁਲਾਕਾਤ ਮਾਰਚ 2024 'ਚ ਮੈਟਰੀਮੋਨੀਅਲ ਸਾਈਟ 'ਤੇ ਵਿਜੇ ਨਾਮ ਦੇ ਵਿਅਕਤੀ ਨਾਲ ਹੋਈ ਸੀ। ਮੁਲਜ਼ਮ ਨੇ ਖੁਦ ਨੂੰ ਇਕ ਵੱਡਾ ਕਾਰੋਬਾਰੀ ਦੱਸਿਆ ਅਤੇ ਦਾਅਵਾ ਕੀਤਾ ਕਿ ਉਸ ਕੋਲ ਲਗਭਗ 715 ਕਰੋੜ ਰੁਪਏ ਦੀ ਜਾਇਦਾਦ ਹੈ। ਭਰੋਸਾ ਜਿੱਤਣ ਲਈ ਉਸ ਨੇ ਮਹਿਲਾ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਵਾਇਆ, ਜਿੱਥੇ ਉਸ ਨੇ ਆਪਣੀ ਪਤਨੀ ਨੂੰ ਆਪਣੀ ਭੈਣ ਦੱਸ ਕੇ ਪੇਸ਼ ਕੀਤਾ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ।
ਇਸ ਤਰ੍ਹਾਂ ਮਾਰੀ ਕਰੋੜਾਂ ਦੀ ਠੱਗੀ
ਕੁਝ ਸਮੇਂ ਬਾਅਦ, ਵਿਜੇ ਨੇ ਮਹਿਲਾ ਨੂੰ ਝੂਠ ਬੋਲਿਆ ਕਿ ਉਸ ਦਾ ਬੈਂਕ ਖਾਤਾ ਫ੍ਰੀਜ਼ ਹੋ ਗਿਆ ਹੈ ਅਤੇ ਉਹ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਵਪਾਰਕ ਸਮੱਸਿਆਵਾਂ ਦਾ ਹਵਾਲਾ ਦੇ ਕੇ ਮਹਿਲਾ ਤੋਂ ਮਦਦ ਮੰਗੀ ਅਤੇ ਉਸ ਨੂੰ ਆਪਣੇ ਨਾਮ 'ਤੇ ਲੋਨ ਲੈਣ ਅਤੇ ਦੋਸਤਾਂ ਤੋਂ ਪੈਸੇ ਉਧਾਰ ਲੈਣ ਲਈ ਉਕਸਾਇਆ। ਮੁਲਜ਼ਮ ਨੇ ਪੈਸੇ ਜਲਦੀ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਜਿਸ 'ਤੇ ਭਰੋਸਾ ਕਰਕੇ ਮਹਿਲਾ ਨੇ ਵੱਖ-ਵੱਖ ਤਰੀਕਿਆਂ ਨਾਲ ਉਸ ਨੂੰ 1.5 ਕਰੋੜ ਰੁਪਏ ਤੋਂ ਵੱਧ ਦੇ ਦਿੱਤੇ।
ਪੁਲਸ ਦੀ ਕਾਰਵਾਈ
ਜਦੋਂ ਮੁਲਜ਼ਮ ਨੇ ਪੈਸੇ ਵਾਪਸ ਕਰਨ 'ਚ ਟਾਲ-ਮਟੋਲ ਸ਼ੁਰੂ ਕੀਤੀ, ਤਾਂ ਮਹਿਲਾ ਨੂੰ ਠੱਗੀ ਦਾ ਅਹਿਸਾਸ ਹੋਇਆ। ਉਸ ਨੇ ਬੈਂਗਲੁਰੂ ਦੇ ਵ੍ਹਾਈਟਫੀਲਡ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਜਾਂਚ ਕੰਗੇਰੀ ਪੁਲਸ ਸਟੇਸ਼ਨ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਜਾਂਚ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਅਜਿਹੀ ਠੱਗੀ ਤੋਂ ਕਿਵੇਂ ਬਚੀਏ?
ਅਜਿਹੇ ਮਾਮਲਿਆਂ ਤੋਂ ਬਚਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
- ਕਿਸੇ ਵੀ ਆਨਲਾਈਨ ਰਿਸ਼ਤੇ 'ਤੇ ਭਰੋਸਾ ਕਰਨ ਤੋਂ ਪਹਿਲਾਂ ਵਿਅਕਤੀ ਦੇ ਆਧਾਰ ਕਾਰਡ, ਪੈਨ ਕਾਰਡ ਜਾਂ ਹੋਰ ਜਾਇਜ਼ ਪਛਾਣ ਪੱਤਰਾਂ ਦੀ ਜਾਂਚ ਜ਼ਰੂਰ ਕਰੋ।
- ਸਿਰਫ਼ ਫੋਟੋਆਂ, ਵੀਡੀਓ ਕਾਲਾਂ ਜਾਂ ਵਟਸਐਪ ਪ੍ਰੋਫਾਈਲ ਦੇ ਆਧਾਰ 'ਤੇ ਕਿਸੇ 'ਤੇ ਅੰਨ੍ਹਾ ਵਿਸ਼ਵਾਸ ਨਾ ਕਰੋ।
- ਜੇਕਰ ਕੋਈ ਵਿਅਕਤੀ ਵਿਆਹ ਦੀ ਤਰੀਕ ਵਾਰ-ਵਾਰ ਟਾਲ ਰਿਹਾ ਹੈ ਜਾਂ ਆਪਣੀ ਨਿੱਜੀ ਜਾਣਕਾਰੀ ਲੁਕਾ ਰਿਹਾ ਹੈ, ਤਾਂ ਸੁਚੇਤ ਹੋ ਜਾਓ।
- ਬੈਂਕ ਖਾਤਾ ਫ੍ਰੀਜ਼ ਹੋਣ ਜਾਂ ਕਾਰੋਬਾਰ 'ਚ ਨੁਕਸਾਨ ਵਰਗੇ ਬਹਾਨੇ ਬਣਾ ਕੇ ਪੈਸੇ ਮੰਗਣਾ ਠੱਗੀ ਦਾ ਸੰਕੇਤ ਹੋ ਸਕਦਾ ਹੈ।
- ਵਿਆਹ ਤੋਂ ਪਹਿਲਾਂ ਕਿਸੇ ਵੀ ਹਾਲਤ 'ਚ ਪੈਸੇ ਦਾ ਲੈਣ-ਦੇਣ ਨਾ ਕਰੋ ਅਤੇ ਨਾ ਹੀ ਕਿਸੇ ਲਈ ਲੋਨ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
