ਬਰਸਾਨਾ ਦੇ ਰਾਧਾ ਰਾਣੀ ਮੰਦਰ ਜਾਣ ਤੋਂ ਪਹਿਲਾਂ ਪੜ੍ਹੋ ਇਹ ਦਿਸ਼ਾ ਨਿਰਦੇਸ਼, ਨਹੀਂ ਤਾਂ ਬਿਨਾਂ ਦਰਸ਼ਨ ਮੁੜਨਾ ਪਵੇਗਾ
Friday, Jun 23, 2023 - 04:27 PM (IST)

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਬਰਸਾਨਾ ਦੇ ਰਾਧਾ ਰਾਣੀ ਮੰਦਰ 'ਚ ਭਗਤਾਂ ਲਈ ਡਰੈੱਸ ਕੋਡ ਜਾਰੀ ਕੀਤਾ ਗਿਆ ਹੈ। ਹੁਣ ਮੰਦਰ 'ਚ ਹਾਫ ਪੈਂਟ, ਮਿਨੀ ਸਕਰਟ ਸਣੇ ਹੋਰ ਇਤਰਾਜ਼ਯੋਗ ਕੱਪੜੇ ਪਹਿਨ ਕੇ ਆਉਣ ਵਾਲੇ ਭਗਤਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ।
ਰਾਧਾ ਰਾਣੀ ਮੰਦਰ ਦੇ ਇਕ ਅਧਿਕਾਰੀ ਰਾਸਬਿਹਾਰੀ ਗੋਸਵਾਮੀ ਨੇ ਦੱਸਿਆ ਕਿ ਮੰਦਰ ਦੇ ਬਾਹਰ ਇਕ ਨੋਟਿਸ ਲਗਾਇਆ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਡਰੈੱਸ ਕੋਡ ਇਕ ਹਫਤੇ ਦੇ ਅੰਦਰ ਲਾਗੂ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਮੰਦਰ ਕੰਪਲੈਕਸ 'ਚ ਭਗਤਾਂ ਦੇ ਨਾਈਟ ਸੂਟ ਅਤੇ ਕਟੀ-ਫਟੀ ਜੀਂਸ ਪਹਿਨ ਕੇ ਆਉਣ 'ਤੇ ਵੀ ਰੋਕ ਲਗਾ ਦਿੱਤੀ ਹੈ। ਕੁਝ ਮਹੀਨੇ ਪਹਿਲਾਂ ਵ੍ਰਿੰਦਾਵਨ ਦੇ ਰਾਧਾ ਦਾਮੋਦਰ ਮੰਦਰ ਦੇ ਅਧਿਕਾਰੀਆਂ ਨੇ ਵੀ ਅਜਿਹੇ ਕੱਪੜੇ ਪਹਿਨ ਕੇ ਆਉਣ ਵਾਲੇ ਭਗਤਾਂ ਨੂੰ ਮੰਦਰ 'ਚ ਐਂਟਰੀ ਨਾ ਦੇਣ ਦਾ ਐਲਾਨ ਕੀਤਾ ਸੀ।
ਇਸਤੋਂ ਪਹਿਲਾਂ 21 ਜੂਨ ਨੂੰ ਬਦਾਯੂੰ ਜ਼ਿਲ੍ਹੇ ਦੇ ਬਿਰੁਆਬਾੜੀ ਮੰਦਰ 'ਚ ਵੀ ਭਗਤਾਂ ਲਈ ਡਰੈੱਡ ਕੋਡ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਜੀਂਸ, ਟੀ-ਸ਼ਰਟ, ਨਾਈਟ ਸੂਟ, ਕਟੀ-ਫਟੀ ਜੀਂਸ ਤੋਂ ਇਲਾਵਾ ਹੋਰ ਇਤਰਾਜ਼ਯੋਗ ਕੱਪੜੇ ਪਹਿਨ ਕੇ ਆਉਣ ਵਾਲੇ ਭਗਤਾਂ ਨੂੰ ਮੰਦਰ 'ਚ ਐਂਟਰੀ ਨਾ ਦੇਣ ਦਾ ਫੈਸਲਾ ਕੀਤਾ ਗਿਆ ਸੀ।
ਦੱਸ ਦੇਈਏ ਕਿ ਬਰਸਾਨਾ ਦਾ ਰਾਧਾ ਰਾਣੀ ਮੰਦਰ ਇਕ ਪ੍ਰਸਿੱਧ ਹਿੰਦੂ ਸਥਲ ਹੈ। ਇਹ ਬਰਸਾਨੇ ਦੀ ਪਹਾੜੀ 'ਤੇ ਸਥਿਤ ਹੈ। ਮੱਧਕਾਲ 'ਚ ਬਣਿਆ ਇਹ ਮੰਦਰ ਪੀਲੇ ਅਤੇ ਲਾਲ ਪੱਥਰ ਨਾਲ ਬਣਿਆ ਹੈ। ਇਸਦਾ ਨਿਰਮਾਣ ਸਾਲ 1675 'ਚ ਰਾਜਾ ਵੀਰਸਿੰਘ ਨੇ ਕਰਵਾਇਆ ਸੀ। ਦਰਸ਼ਨਾਂ ਲਈ ਭਗਤਾਂ ਨੂੰ ਪੌੜ੍ਹੀਆਂ ਚੜ੍ਹਨੀਆਂ ਪੈਂਦੀਆਂ ਹਨ ਕਿਉਂਕਿ ਇਹ ਆਕਰਸ਼ਕ ਮੰਦਰ ਢਾਈ ਸੌ ਮੀਟਰ ਉੱਚੀ ਪਹਾੜੀ 'ਤੇ ਸਥਿਤ ਹੈ। ਹਰ ਸਾਲ ਕਰੋੜਾਂ ਭਗਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਬਰਸਾਨਾ ਰਾਧਾ ਰਾਣੀ ਦੇ ਦਰਸ਼ਨ ਕਰਨ ਆਉਂਦੇ ਹਨ। ਇਸਤੋਂ ਇਲਾਵਾ ਕਈ ਰਾਜਨੀਤਿਕ ਅਤੇ ਫਿਲਮੀ ਹਸਤੀਆਂ ਦਾ ਵੀ ਇਥੇ ਆਉਣਾ-ਜਾਣਾ ਲੱਗਾ ਰਹਿੰਦਾ ਹੈ।