ਰਾਜਸਥਾਨ ’ਚ ਅੱਤਵਾਦੀ ਹਮਲਾ ਕਰਨ ਵਾਲਾ ਮਾਸਟਰਮਾਈਂਡ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ
Wednesday, Apr 02, 2025 - 09:00 PM (IST)

ਜੈਪੁਰ–ਮੱਧ ਪ੍ਰਦੇਸ਼ ਪੁਲਸ ਨੇ ਕਥਿਤ ਅੱਤਵਾਦੀ ਸਾਜ਼ਿਸ਼ ਤਹਿਤ ਰਾਜਸਥਾਨ ’ਚ ਧਮਾਕਾਖੇਜ਼ ਸਮੱਗਰੀ ਦੀ ਜ਼ਬਤੀ ਨਾਲ ਸਬੰਧਤ 2022 ਦੇ ਮਾਮਲੇ ਦੇ ਮੁੱਖ ਮੁਲਜ਼ਮ ਫਿਰੋਜ਼ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਖਾਨ ਨੂੰ ਇਸ ਮਾਮਲੇ ’ਚ ‘ਸਭ ਤੋਂ ਲੋੜੀਂਦਾ’ ਮੁਲਜ਼ਮ ਐਲਾਨਿਆ ਸੀ ਅਤੇ ਉਸ ਉੱਪਰ 5 ਲੱਖ ਰੁਪਏ ਦਾ ਇਨਾਮ ਸੀ।
ਪੁਲਸ ਨੇ ਰਾਜਸਥਾਨ ਦੇ ਨਿੰਬਾਹੇੜਾ ਕਸਬੇ ’ਚ 28 ਮਾਰਚ 2022 ਨੂੰ ਇਕ ਚਾਰ ਪਹੀਆ ਵਾਹਨ ’ਚੋਂ ਭਾਰੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਸੀ। ਪੁਲਸ ਮੁਤਾਬਕ ਖਾਨ ਐੱਨ. ਆਈ. ਏ. ਨੂੰ ਲੋੜੀਂਦਾ ਸੀ ਅਤੇ ਉਹ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਉਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਰਤਲਾਮ ’ਚ ਉਸ ਦੀ ਭੈਣ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਉਹ ਮਾਮਲੇ ਵਿਚ ਪਿਛਲੇ 3 ਸਾਲ ਤੋਂ ਫਰਾਰ ਸੀ। ਉਸ ਨੂੰ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਹਿਰਾਸਤ ਵਿਚ ਲਿਆ ਗਿਆ। ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।