ਭਾਬੀ ਕਮਲ ਕੌਰ ਦੇ ਕਤਲ ਕਾਂਡ ''ਚ ਹੈਰਾਨ ਕਰਨ ਵਾਲਾ ਮੋੜ, ਪੁਲਸ ਦਾ ਸਨਸਨੀਖੇਜ਼ ਖ਼ੁਲਾਸਾ
Friday, Jun 13, 2025 - 03:19 PM (IST)

ਬਠਿੰਡਾ (ਵਿਜੈ ਵਰਮਾ) : ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਦੇ ਮਾਮਲੇ ਨੂੰ ਬਠਿੰਡਾ ਪੁਲਸ ਨੇ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਮੋਗਾ ਦੇ ਜਸਪ੍ਰੀਤ ਸਿੰਘ ਮੇਹਰੂ ਅਤੇ ਤਰਨਤਾਰਨ ਦੇ ਨਿਮਰਤਜੀਤ ਸਿੰਘ ਵਜੋਂ ਹੋਈ ਹੈ। ਪੁਲਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਕੰਚਨ ਆਪਣਾ ਨਾਂ ਬਦਲ ਕੇ ਕਮਲ ਕੌਰ ਰੱਖ ਕੇ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਪਾ ਰਹੀ ਸੀ। ਉਸਨੂੰ ਪਹਿਲਾਂ ਵੀ ਸਮਝਾਇਆ ਸੀ ਪਰ ਉਹ ਨਹੀਂ ਮੰਨੀ। ਉਨ੍ਹਾਂ ਨੇ ਕਾਰ ਖ਼ਰਾਬ ਹੋਣ ਦਾ ਬਹਾਨਾ ਬਣਾਇਆ ਤੇ ਉਸਨੂੰ ਗੈਰੇਜ ਲੈ ਗਏ ਤੇ ਉਥੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਹੱਤਿਆਕਾਂਡ ਦੇ ਮਾਸਟਰਮਾਈਂਡ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਅਜੇ ਨਹੀਂ ਹੋਈ। ਉਸਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਦੇ ਕਤਲ ਕਾਂਡ ਦਾ ਪੂਰਾ ਸੱਚ ਆਇਆ ਸਾਹਮਣੇ, ਅੰਮ੍ਰਿਤਪਾਲ ਮਹਿਰੋਂ ਨੇ...
ਇਸ ਸੰਬੰਧ ਵਿਚ ਐੱਸਐੱਸਪੀ ਅਮਨੀਤ ਕੌਂਡਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਵਿਸ਼ੇਸ਼ ਟੀਮ ਨੇ ਮਾਮਲੇ ਦੀ ਗੁੱਥੀ ਸੁਲਝਾਈ। ਇਸ ਟੀਮ ਵਿਚ ਡੀਐੱਸਪੀ ਮਨਜੀਤ ਸਿੰਘ (ਮਰਡਰ ਤੇ ਫੋਰੈਂਸਿਕ) ਅਤੇ ਕੈਂਟ ਥਾਣਾ ਪੁਲਸ ਪਾਰਟੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ 11 ਜੂਨ 2025 ਨੂੰ ਬਠਿੰਡਾ ਕੰਟਰੋਲ ਰੂਮ ਵਿਚ ਫ਼ੋਨ ਆਇਆ ਕਿ ਆਦੇਸ਼ ਹਸਪਤਾਲ ਭੁੱਚੋ ਮੰਡੀ ਦੀ ਪਾਰਕਿੰਗ ਵਿਚ ਖੜੀ ਇਕ ਕਾਰ ਤੋਂ ਬਦਬੂ ਆ ਰਹੀ ਹੈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰ (ਈਓਐਨ ਨੰਬਰ ਪੀਬੀ-10-ਐੱਫਡਬਲਯੂ-9179) ਦੀ ਜਾਂਚ ਕੀਤੀ। ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਗਈ। ਕਾਰ ਦੀ ਪਿਛਲੀ ਸੀਟ ਉੱਤੇ 30-35 ਸਾਲ ਦੀ ਔਰਤ ਦੀ ਗਲੀ-ਸੜੀ ਲਾਸ਼ ਮਿਲੀ।
ਇਹ ਵੀ ਪੜ੍ਹੋ : ਕਮਲ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਅੰਮ੍ਰਿਤਪਾਲ ਮਹਿਰੋਂ ਦੀ ਇਕ ਹੋਰ ਕੁੜੀ ਨੂੰ ਧਮਕੀ
ਲਾਸ਼ ਦੀ ਪਛਾਣ ਨਾ ਹੋਣ ਕਰਕੇ ਉਸਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ। 12 ਜੂਨ ਨੂੰ ਮ੍ਰਿਤਕ ਦੀ ਮਾਤਾ ਗਿਰਜਾ ਦੇਵੀ ਨਿਵਾਸੀ ਲੁਧਿਆਣਾ ਨੇ ਲਾਸ਼ ਦੀ ਪਛਾਣ ਕੀਤੀ। ਉਸਨੇ ਬਿਆਨ ਦਿੱਤਾ ਕਿ ਉਸਦੀ ਧੀ ਕੰਚਨ ਕੁਮਾਰੀ (ਉਮਰ 30 ਸਾਲ) ਜੋ ਇੰਸਟਾਗ੍ਰਾਮ ਉੱਤੇ "ਕਮਲ ਕੌਰ ਭਾਬੀ" ਦੇ ਨਾਂ ਨਾਲ ਵੀਡੀਓ ਪੋਸਟ ਕਰਦੀ ਸੀ, ਅਕਸਰ ਰੀਲ ਬਣਾਉਣ ਲਈ ਘਰੋਂ ਬਾਹਰ ਜਾਂਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
8 ਜੂਨ 2025 ਨੂੰ ਲੁਧਿਆਣਾ ਦੇ ਲਕਸ਼ਮਣ ਨਗਰ ਵਿਚ ਉਸਦੇ ਘਰ ਅਮ੍ਰਿਤਪਾਲ ਸਿੰਘ ਆਇਆ। ਉਸਨੇ ਕੰਚਨ ਨੂੰ ਕਿਹਾ ਕਿ ਬਠਿੰਡਾ ਪ੍ਰੀ-ਵੇਡਿੰਗ ਸ਼ੂਟ ਲਈ ਜਾਣਾ ਹੈ ਪਰ ਕੰਚਨ ਨੇ ਇਨਕਾਰ ਕਰ ਦਿੱਤਾ। 9 ਜੂਨ ਨੂੰ ਅਮ੍ਰਿਤਪਾਲ ਨੇ ਉਸਨੂੰ ਮੁੜ ਫੋਨ ਕੀਤਾ। ਕੰਚਨ ਦੁਪਹਿਰ 3:30 ਵਜੇ ਆਪਣੀ ਕਾਰ ਵਿਚ ਘਰੋਂ ਨਿਕਲੀ ਤੇ ਦੱਸਿਆ ਕਿ ਬਠਿੰਡਾ ਜਾ ਰਹੀ ਹੈ ਪਰ ਉਸ ਰਾਤ 11 ਵਜੇ ਬਾਅਦ ਉਸ ਦਾ ਮਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਪੁਲਸ ਜਾਂਚ ਦੌਰਾਨ ਪਤਾ ਲੱਗਿਆ ਕਿ ਜਸਪ੍ਰੀਤ ਤੇ ਨਿਮਰਤਜੀਤ ਨੇ ਕਾਰ ਕਿਰਾਏ 'ਤੇ ਲੈਣ ਦੇ ਬਹਾਨੇ ਉਸਨੂੰ ਬਠਿੰਡਾ ਲਿਆਂਦਾ। ਕਾਰ ਗੈਰੇਜ ਵਿਚ ਖੜੀ ਕਰਕੇ ਰਿਪੇਅਰ ਕਰਵਾਈ। ਰਾਤ 1 ਵਜੇ ਦੇ ਲਗਭਗ ਸੁੰਨਸਾਨ ਜਗ੍ਹਾ 'ਤੇ ਲੈ ਗਏ ਤੇ ਕੰਚਨ ਦਾ ਗਲਾ ਘੁੱਟ ਕੇ ਕਤਲ ਕੀਤਾ। ਇਸ ਮਗਰੋਂ ਲਾਸ਼ ਕਾਰ ਵਿਚ ਰੱਖ ਕੇ ਆਦੇਸ਼ ਹਸਪਤਾਲ ਪਾਰਕਿੰਗ ਵਿਚ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ। ਦੋਸ਼ੀਆਂ ਨੇ ਦੱਸਿਆ ਕਿ ਵਾਰਦਾਤ ਅੰਮ੍ਰਿਤਪਾਲ ਮਹਿਰੋਂ ਦੇ ਕਹਿਣ 'ਤੇ ਕੀਤੀ। ਕੰਚਨ ਲਗਜ਼ਰੀ ਜੀਵਨ ਦੀ ਸ਼ੌਕੀਨ ਸੀ। ਵੱਡੇ ਹੋਟਲਾਂ, ਸਲੂਨਾਂ ਤੇ ਸ਼ੋਅਰੂਮਾਂ ਤੋਂ ਖਰੀਦਦਾਰੀ ਕਰਦੀ ਸੀ। ਖਰੀਦਦਾਰੀ ਵੇਲੇ ਲੇਡਿਜ਼ ਅੰਡਰ ਗਾਰਮੈਂਟਸ 'ਤੇ ਵੀ ਕਾਂਟੈਂਟ ਬਣਾ ਕੇ ਪੋਸਟ ਕਰਦੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e