ਰਾਮ ਮੰਦਰ ਚੜ੍ਹਾਵੇ ''ਚ ਹੋਏ ਘਪਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਵੇ ਸੁਤੰਤਰ ਜਾਂਚ ; ਜੈਰਾਮ ਰਮੇਸ਼

Sunday, Nov 22, 2026 - 01:06 PM (IST)

ਰਾਮ ਮੰਦਰ ਚੜ੍ਹਾਵੇ ''ਚ ਹੋਏ ਘਪਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਵੇ ਸੁਤੰਤਰ ਜਾਂਚ ; ਜੈਰਾਮ ਰਮੇਸ਼

ਨਵੀਂ ਦਿੱਲੀ- ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਐਤਵਾਰ ਨੂੰ ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਹੋਏ ਘਪਲੇ ਦੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਸਰਕਾਰ 'ਤੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਉੱਚ ਅਧਿਕਾਰੀਆਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ ਹਨ।

'ਐਕਸ' 'ਤੇ ਇਕ ਪੋਸਟ ਸ਼ੇਅਰ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ SIT ਵੱਲੋਂ ਦਾਖ਼ਲ ਕੀਤੀ ਗਈ 74,000 ਪੰਨਿਆਂ ਦੀ ਚਾਰਜਸ਼ੀਟ ਵਿੱਚ ਸਿਰਫ਼ 8 ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਜਦਕਿ ਚੰਪਤ ਰਾਏ, ਅਨਿਲ ਮਿਸ਼ਰਾ ਅਤੇ ਗੋਪਾਲ ਰਾਓ ਵਰਗੇ ਪ੍ਰਮੁੱਖ ਅਹੁਦੇਦਾਰਾਂ ਨੂੰ ਮੁਲਜ਼ਮਾਂ ਦੀ ਬਜਾਏ ਗਵਾਹ ਬਣਾ ਕੇ ਬਚਾਇਆ ਗਿਆ ਹੈ। ਉਨ੍ਹਾਂ ਚਾਰਜਸ਼ੀਟ ਦੇ ਹਵਾਲੇ ਨਾਲ ਕਿਹਾ ਕਿ 4 ਜੂਨ, 2026 ਦੀ ਰਾਤ ਨੂੰ ਬਾਥਰੂਮ 'ਚ ਰੱਖੇ 2.25 ਲੱਖ ਦੀ ਨਕਦੀ ਦੇ ਬੰਡਲਾਂ ਦੀ ਚੋਰੀ ਦਾ ਵੀਡੀਓ ਚੰਪਤ ਰਾਏ ਦੇ ਵਟਸਐਪ 'ਤੇ ਪਹੁੰਚ ਗਿਆ ਸੀ ਅਤੇ 5 ਜੂਨ ਨੂੰ ਅਨਿਲ ਮਿਸ਼ਰਾ, ਗੋਪਾਲ ਜੀ ਤੇ ਨਰਿੰਦਰ ਜੀ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਲੈਪਟਾਪ ਰਾਹੀਂ ਇਹ ਵੀਡੀਓ ਦੇਖਿਆ ਸੀ। ਇਸ ਦੇ ਬਾਵਜੂਦ 25 ਜੂਨ ਤੱਕ ਪੂਰੇ 21 ਦਿਨ FIR ਦਰਜ ਕਿਉਂ ਨਹੀਂ ਕੀਤੀ ਗਈ ?

ਜੈਰਾਮ ਨੇ 2021 'ਚ 2 ਕਰੋੜ ਦੀ ਜ਼ਮੀਨ ਮਹਿਜ਼ 10 ਮਿੰਟਾਂ ਬਾਅਦ ਟਰੱਸਟ ਨੂੰ 18.5 ਕਰੋੜ ਵਿੱਚ ਵੇਚੇ ਜਾਣ ਦੇ ਦੋਸ਼ਾਂ ਨੂੰ ਮੁੜ ਉਠਾਉਂਦਿਆਂ ਪੁੱਛਿਆ ਕਿ ਸਰਕਾਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਹਾਲੇ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਸੰਤੋਸ਼ ਦੂਬੇ ਵੱਲੋਂ 200 ਕਰੋੜ ਤੋਂ ਵੱਧ ਦੀ ਹੇਰਾਫੇਰੀ ਸਬੰਧੀ ਦਿੱਤੀ ਸ਼ਿਕਾਇਤ 'ਤੇ FIR ਦਰਜ ਨਾ ਹੋਣ ਅਤੇ ਚੋਰੀ ਦੀਆਂ 304 ਘਟਨਾਵਾਂ ਦੀ ਡੇਟ ਵਾਈਜ਼ CCTV ਟਾਈਮਲਾਈਨ ਜਨਤਕ ਨਾ ਕਰਨ 'ਤੇ ਵੀ ਭਾਜਪਾ ਸਰਕਾਰ ਤੋਂ ਜਵਾਬ ਮੰਗਿਆ ਹੈ।

ਜ਼ਿਕਰਯੋਗ ਹੈ ਕਿ ਸਤੰਬਰ 'ਚ SIT ਵੱਲੋਂ ਦਾਖ਼ਲ ਚਾਰਜਸ਼ੀਟ 'ਚ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਣੇਸ਼ ਪਾਂਡੇ, ਰਮਾ ਸ਼ੰਕਰ ਮਿਸ਼ਰਾ, ਸੁਭਾਸ਼ ਸ਼੍ਰੀਵਾਸਤਵ ਅਤੇ ਰਮਾ ਸ਼ੰਕਰ ਉਰਫ਼ ਟਿੰਨੂ ਸਮੇਤ 8 ਵਿਅਕਤੀਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ, ਜਦਕਿ 98 ਗਵਾਹਾਂ ਦੀ ਲਿਸਟ 'ਚ ਤਤਕਾਲੀ ਜਨਰਲ ਸਕੱਤਰ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੇ ਨਾਂ ਸ਼ਾਮਲ ਹਨ। 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਮਾਮਲੇ ਨੇ ਸੂਬੇ ਦੀ ਸਿਆਸਤ ਗਰਮਾ ਦਿੱਤੀ ਹੈ।


author

Harpreet SIngh

Content Editor

Related News