ਜਨਮ ਦਿਨ 'ਤੇ ਵਿਸ਼ੇਸ਼: ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਾਉਣ ਵਾਲੇ ਸ਼ਹੀਦ ਭਗਤ ਸਿੰਘ

09/28/2020 10:04:31 AM

ਨੈਸ਼ਨਲ ਡੈਸਕ— ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕਈ ਲੋਕਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਸ ਕਰ ਕੇ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਜਦੋਂ ਵੀ ਕਿਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦਾ ਨਾਂ ਮੋਹਰੇ ਆਉਂਦਾ ਹੈ। ਭਗਤ ਸਿੰਘ ਨੂੰ ਬਚਪਨ ਤੋਂ ਹੀ ਆਜ਼ਾਦੀ ਦੀ ਲੜਾਈ ਲੜਨ ਦਾ ਚਾਅ ਦਿਲ ਵਿਚ ਉੱਠ ਪਿਆ ਸੀ। ਅੱਜ ਸਰਦਾਰ ਭਗਤ ਸਿੰਘ ਦਾ 113ਵਾਂ ਜਨਮ ਦਿਨ ਹੈ। 
 

ਜਨਮ—
ਸ਼ਹੀਦ ਭਗਤ ਸਿੰਘ ਦਾ ਜਨਮ ਇਕ ਕ੍ਰਾਂਤੀਕਾਰੀ ਪਰਿਵਾਰ 'ਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907, ਚੱਕ ਨੰਬਰ 105 ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) 'ਚ ਹੋਇਆ ਸੀ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਨਵਾਂ ਸ਼ਹਿਰ (ਪੰਜਾਬ) 'ਚ ਸਥਿਤ ਹੈ, ਜਿਸ ਦਾ ਨਾਂ ਬਦਲ ਕੇ 'ਸ਼ਹੀਦ ਭਗਤ ਸਿੰਘ ਨਗਰ' ਰੱਖ ਦਿੱਤਾ ਗਿਆ ਹੈ। ਸ਼ਹੀਦ ਭਗਤ ਸਿੰਘ ਭਾਰਤ ਦੇ ਇਕ ਪ੍ਰਮੁੱਖ ਆਜ਼ਾਦੀ ਘੁਲਾਟੀਏ ਸਨ।
 

ਸਿੱਖਿਆ—
ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਲਈ ਅਤੇ 1916-17 ਈ: 'ਚ ਡੀ. ਏ. ਵੀ. ਸਕੂਲ ਲਾਹੌਰ ਵਿਚ ਦਾਖਲ ਹੋਇਆ। ਇਸ ਸਕੂਲ 'ਚ ਪੜ੍ਹਦਿਆਂ ਹੀ ਉਨ੍ਹਾਂ ਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤੀ ਵਰਗੀਆਂ ਭਾਸ਼ਾਵਾਂ ਸਿੱਖੀਆਂ ਅਤੇ ਉਮਰ ਦੇ ਵੱਖ-ਵੱਖ ਪੜਾਵਾਂ ਦੇ ਮੱਦੇਨਜ਼ਰ ਗੁਰਮੁੱਖੀ, ਹਿੰਦੀ ਅਤੇ ਬੰਗਾਲੀ ਭਾਸ਼ਾਵਾਂ ਵੀ ਗ੍ਰਹਿਣ ਕੀਤੀਆਂ।

PunjabKesari

ਪਰਿਵਾਰ 'ਚੋਂ ਮਿਲੀ ਆਜ਼ਾਦੀ ਦੀ ਗੁੜਤੀ—
ਭਗਤ ਸਿੰਘ ਨੂੰ ਆਜ਼ਾਦੀ ਦੀ ਗੁੜਤੀ ਪਰਿਵਾਰ ਵਿਚੋਂ ਹੀ ਮਿਲੀ ਸੀ। ਸਰਦਾਰ ਅਰਜਨ ਸਿੰਘ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਸਨ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੀ ਇਕ ਸਿਰਕੱਢ ਸੁਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਜਿਸ ਦਾ ਪ੍ਰਭਾਵ ਉਸ ਸਮੇਂ ਵਾਹੀਕਾਰਾ ਅਤੇ ਫ਼ੌਜੀਆਂ 'ਤੇ ਵੀ ਪਿਆ ਸੀ। ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ।

ਜਲ੍ਹਿਆਂ ਵਾਲਾ ਬਾਗ—
1919 ਈ: 'ਚ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਸ. ਭਗਤ ਸਿੰਘ ਦੇ ਮਨ 'ਤੇ ਬਹੁਤ ਡੂੰਘਾ ਅਸਰ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਗਏ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ ।ਇਸ ਘਟਨਾ ਨੇ ਉਨ੍ਹਾਂ ਦੇ ਮਨ 'ਚ ਅੰਗਰੇਜ਼ਾਂ ਦੇ ਪ੍ਰਤੀ ਨਫਰਤ ਭਰ ਦਿੱਤੀ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ 'ਚੋਂ ਲੰਘਦੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਸਾਲ 1921 'ਚ ਭਗਤ ਸਿੰਘ ਨੇ ਆਪਣੀ 10ਵੀਂ ਜਮਾਤ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ 'ਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਪਰ ਕੁਝ ਕਾਰਨਾਂ ਕਰਕੇ ਉਹ ਲਹਿਰ ਪੂਰੀ ਨਾ ਹੋ ਸਕੀ ਅਤੇ ਭਗਤ ਸਿੰਘ ਨੇ 1921-22 ਦੌਰਾਨ ਨੈਸ਼ਨਲ ਕਾਲਜ ਲਾਹੌਰ 'ਚ ਪੜ੍ਹਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਸਾਲ 1921-1922 ਈ: 'ਚ ਲਾਹੌਰ ਵਿਖੇ ਦੇਸ਼ ਭਗਤਾਂ ਵਲੋਂ ਨੈਸ਼ਨਲ ਕਾਲਜ ਬਣਾਇਆ ਗਿਆ ਜਿਸ 'ਚ ਭਗਤ ਸਿੰਘ ਨੂੰ ਇਕ ਮੁਸ਼ਕਲ ਪ੍ਰੀਖਿਆ ਪਾਸ ਕਰਕੇ ਕਾਲਜ ਦੇ ਪਹਿਲੇ ਸਾਲ 'ਚ ਦਾਖਲਾ ਮਿਲ ਗਿਆ। ਇਥੇ ਜੈਦੇਵ ਗੁਪਤਾ ਅਤੇ ਸੁਖਦੇਵ ਉਨ੍ਹਾਂ ਦੀ ਕਲਾਸ 'ਚ ਪੜ੍ਹਦੇ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ। ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ। 

PunjabKesariਲਾਲਾ ਲਾਜਪਤਾ ਰਾਏ ਦੀ ਮੌਤ ਦਾ ਬਦਲਾ—
30 ਅਕਤੂਬਰ 1928 ਈ: ਨੂੰ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ। ਇਸ ਕਮਿਸ਼ਨ ਦੇ ਖ਼ਿਲਾਫ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋਅ ਬੈਕ ਦੇ ਨਾਅਰੇ ਲਗਾਏ। ਜਿਸ ਜਲੂਸ 'ਚ ਭਗਤ ਸਿੰਘ ਨੇ ਵੀ ਹਿੱਸਾ ਲਿਆ। ਪੁਲਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵਧਦਾ ਗਿਆ, ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਕ ਨੇ ਲਾਠੀਚਾਰਜ ਕੀਤਾ, ਜਿਸ ਕਰਕੇ ਲਾਲਾ ਲਾਜਪਤ ਰਾਏ ਦੇ ਸਿਰ 'ਚ ਡੂੰਘੀ ਸੱਟ ਲੱਗਣ ਕਾਰਨ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇਨਕਲਾਬੀਆਂ ਨੇ ਇਕ ਯੋਜਨਾ ਬਣਾਈ, ਜਿਸ ਅਧੀਨ ਸਕਾਟ ਨੂੰ ਗੋਲੀ ਮਾਰਨੀ ਸੀ। ਮੌਕੇ 'ਤੇ ਸਕਾਟ ਦੀ ਥਾਂ ਪੁਲਸ ਮੁਖੀ ਜੇ.ਪੀ. ਸਾਂਡਰਸ ਮੋਟਰਸਾਈਕਲ 'ਤੇ ਦਫ਼ਤਰ ਤੋਂ ਬਾਹਰ ਆ ਗਿਆ ਅਤੇ ਕ੍ਰਾਂਤੀਕਾਰੀਆਂ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਇਸ ਤਰ੍ਹਾਂ ਕ੍ਰਾਂਤੀਕਾਰੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ।

ਅਸੈਂਬਲੀ 'ਚ ਨਕਲੀ ਬੰਬ—
ਸ਼ਹੀਦ ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ 'ਚ ਨਹੀਂ ਸਨ। ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਲਈ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੈਂਬਲੀ 'ਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ ਚਾਹਿਆ। ਇਸ ਲਈ ਸਰਦਾਰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ 'ਚ ਖਾਲੀ ਥਾਂ 'ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। ਸਾਰਾ ਹਾਲ ਧੂੰਏਂ ਨਾਲ ਭਰ ਗਿਆ। ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਆਪਣੀ ਇੱਛਾ ਨਾਲ ਪੁਲਸ ਨੂੰ ਗ੍ਰਿਫਤਾਰੀ ਦਿੱਤੀ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣਾ ਸੀ। 'ਇਨਕਬਾਲ ਜ਼ਿੰਦਾਬਾਦ' ਦਾ ਨਾਅਰਾ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਅਰਾ ਬਣ ਗਿਆ।
ਫਾਂਸੀ—
ਸਰਦਾਰ ਭਗਤ ਸਿੰਘ ਅਤੇ ਬੀ.ਕੇ.ਦੱਤ ਵਿਰੁੱਧ ਚਲਾਨ ਏ.ਡੀ.ਐਮ. ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ। ਇਨ੍ਹਾਂ ਨੇ ਆਪਣੀ ਕਾਨੂੰਨੀ ਚਾਰਾਜੋਈ ਲਈ ਕੋਈ ਵੀ ਵਕੀਲ ਨਹੀਂ ਕੀਤਾ ਅਤੇ ਆਪਣੀ ਵਕਾਲਤ ਆਪ ਕਰਦੇ ਰਹੇ। 10 ਜੂਨ, 1929 ਨੂੰ ਅਦਾਲਤ ਦੀ ਸੁਣਵਾਈ ਖਤਮ ਹੋ ਗਈ ਅਤੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਅਸੈਂਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਸਰਦਾਰ ਭਗਤ ਸਿੰਘ ਨੂੰ ਮੀਆਂਵਾਲੀ ਜੇਲ ਅਤੇ ਬੀ.ਕੇ. ਦੱਤ ਨੂੰ ਕੇਂਦਰੀ ਜੇਲ ਲਾਹੌਰ 'ਚ ਬੰਦ ਕਰ ਦਿੱਤਾ ਗਿਆ। 25 ਜੂਨ, 1929 ਈ: ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਮਾਮਲੇ 'ਚ ਕੇਂਦਰੀ ਜੇਲ ਲਾਹੌਰ ਭੇਜ ਦਿੱਤਾ ਗਿਆ। 10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ। ਇਸ ਕੇਸ ਦੇ ਦੌਰਾਨ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜੇਲ ਅਧਿਕਾਰੀਆਂ ਵੱਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖ਼ਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਦੁਆਰਾ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਈ। ਵਾਰ-ਵਾਰ ਭੁੱਖ ਹੜਤਾਲ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ਨੂੰ ਕ੍ਰਾਂਤੀਕਾਰੀਆਂ ਦੀਆਂ ਮੰਗਾਂ ਸਾਹਮਣੇ ਝੁੱਕਣਾ ਪਿਆ।
ਜਿਵੇਂ-ਜਿਵੇਂ ਸ਼ਹੀਦ ਭਗਤ ਸਿੰਘ ਲਈ ਲੋਕਾਂ ਦਾ ਪਿਆਰ ਵੱਧ ਰਿਹਾ ਸੀ, ਉੱਥੇ ਹੀ ਅੰਗਰੇਜ਼ੀ ਹਕੂਮਤ ਦੇ ਦਿਲਾਂ ਵਿਚ ਡਰ ਵੱਧ ਰਿਹਾ ਸੀ। ਆਖ਼ੀਰ ਵਿਚ ਸ਼ਹੀਦ ਭਗਤ ਸਿੰਘ ਦੇ ਮੁਕੱਦਮੇ ਤੇ ਫ਼ੈਸਲਾ ਸੁਣਾਉਂਦੇ ਹੋਏ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇਣ ਦੀ ਤਾਰੀਕ 24 ਮਾਰਚ 1931 ਤੈਅ ਕੀਤੀ ਗਈ ਸੀ ਪਰ ਲੋਕਾਂ ਦੀ ਭੀੜ ਤੋਂ ਡਰਦਿਆਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਇਕ ਦਿਨ ਪਹਿਲਾਂ 23 ਮਾਰਚ 1931 ਦੀ ਸ਼ਾਮ 7.30 ਵਜੇ ਫਾਂਸੀ ਦੀ ਸਜ਼ਾ ਦੇ ਦਿੱਤੀ।


DIsha

Content Editor

Related News