ਮਾਸਕ ਨਾ ਪਹਿਨਣ ਨੂੰ ਲੈ ਕੇ ਮਾਰਸ਼ਲ ਅਤੇ ਦੋ ਵਿਅਕਤੀਆਂ ਵਿਚਾਲੇ ਝੜਪ, ਸੜਕ ''ਤੇ ਲੱਗਾ ਜਾਮ

10/03/2020 11:37:43 AM

ਬੈਂਗਲੁਰੂ— ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਦੇਸ਼ ਅੰਦਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅਜਿਹੇ ਵਿਚ ਇਸ ਮਹਾਮਾਰੀ ਤੋਂ ਬਚਣ ਦਾ ਇਕੋ-ਇਕ ਉਪਾਅ ਹੈ ਕਿ ਮਾਸਕ ਪਹਿਨ ਕੇ ਰੱਖੋ। ਇਕ ਛੋਟੀ ਜਿਹੀ ਗਲਤੀ ਤੁਹਾਡੀ ਜ਼ਿੰਦਗੀ 'ਤੇ ਭਾਰੀ ਪੈ ਸਕਦੀ ਹੈ। ਕਰਨਾਟਕ 'ਚ ਮਾਸਕ ਪਹਿਨਣ ਦੇ ਨਿਯਮ ਦਾ ਉਲੰਘਣ ਕਰਨ 'ਤੇ ਜੁਰਮਾਨਾ ਨਾ ਦੇਣ 'ਤੇ ਬੈਂਗਲੁਰੂ ਨਗਰ ਨਿਗਮ ਦੇ ਮਾਰਸ਼ਲ ਅਤੇ ਦੋ ਵਿਅਕਤੀਆਂ ਵਿਚਾਲੇ ਹੱਥੋਪਾਈ ਹੋ ਗਈ। ਵਾਇਰਲ ਵੀਡੀਓ ਵਿਚ ਬੈਂਗਲੁਰੂ ਦੇ ਕੇ. ਆਰ. ਪੁਰਮ ਇਲਾਕੇ ਵਿਚ ਨਗਰ ਨਿਗਮ ਦੇ ਮਾਰਸ਼ਲ ਨਾਲ ਉਲਝਦੇ ਹੋਏ ਵਿਅਕਤੀ ਬਿਨਾਂ ਮਾਸਕ ਦੇ ਵੇਖੇ ਗਏ। ਵਿਅਕਤੀਆਂ 'ਚੋਂ ਇਕ ਨੇ ਮਾਰਸ਼ਲ ਨੂੰ ਜੁੱਤੀਆਂ ਨਾਲ ਮਾਰਿਆ। ਇਸ ਲੜਾਈ ਕਾਰਨ ਸੜਕ 'ਤੇ ਲੰਬਾ ਜਾਮ ਲੱਗ ਗਿਆ। ਬਾਅਦ ਵਿਚ ਅਧਿਕਾਰੀਆਂ ਦੀ ਦਖਲ ਅੰਦਾਜ਼ੀ ਕਰਨ ਮਗਰੋਂ ਮਾਮਲਾ ਸ਼ਾਂਤ ਹੋਇਆ। 

ਮਾਰਸ਼ਲ ਨਾਲ ਕੁੱਟਮਾਰ ਕਰਨ ਵਾਲੇ ਦੋਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਰਨਾਟਕ ਸਰਕਾਰ ਨੇ ਅਨਲੌਕ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਮਾਸਕ ਨਿਯਮ ਦਾ ਉਲੰਘਣ ਕਰਨ ਵਾਲਿਆਂ 'ਤੇ ਜੁਰਮਾਨਾ ਲਾਉਣ ਦਾ ਫ਼ੈਸਲਾ ਕੀਤਾ ਹੈ। ਨਗਰ ਪਾਲਿਕਾ ਖੇਤਰਾਂ ਵਿਚ ਇਕ ਹਜ਼ਾਰ ਰੁਪਏ ਅਤੇ ਹੋਰ ਥਾਂਵਾਂ 'ਤੇ 500 ਰੁਪਏ ਜੁਰਮਾਨਾ ਲਾਇਆ ਜਾ ਰਿਹਾ ਹੈ। ਹੁਣ ਤੱਕ ਮਾਸਕ ਨਾ ਪਹਿਨਣ ਦਾ ਜੁਰਮਾਨਾ 200 ਰੁਪਏ ਸੀ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਨਤਕ ਥਾਂਵਾਂ 'ਤੇ ਮਾਸਕ ਨਾ ਪਹਿਨਣ 'ਤੇ ਜੁਰਮਾਨੇ ਦੀ ਰਕਮ ਨੂੰ ਵਧਾਇਆ ਗਿਆ ਹੈ।


Tanu

Content Editor

Related News