ਹਾਦਸੇ ’ਚ ਜਾਨ ਗੁਆਉਣ ਵਾਲੇ ਮਾਪਿਆਂ ਦੀਆਂ ਵਿਆਹੁਤਾ ਧੀਆਂ ਵੀ ਮੁਆਵਜ਼ੇ ਦੀਆਂ ਹੱਕਦਾਰ: ਕਰਨਾਟਕ HC
Friday, Aug 12, 2022 - 10:46 AM (IST)
ਬੈਂਗਲੁਰੂ (ਭਾਸ਼ਾ)- ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਹਾਦਸੇ ’ਚ ਆਪਣੇ ਮਾਤਾ-ਪਿਤਾ ਦੀ ਮੌਤ ਹੋ ਜਾਣ ’ਤੇ ਵਿਆਹੁਤਾ ਧੀਆਂ ਵੀ ਬੀਮਾ ਕੰਪਨੀਆਂ ਤੋਂ ਮੁਆਵਜ਼ੇ ਦੀਆਂ ਹੱਕਦਾਰ ਹਨ। ਹਾਈਕੋਰਟ ਨੇ ਕਿਹਾ,“ਇਹ ਅਦਾਲਤ ਵਿਆਹੁਤਾ ਪੁੱਤਰਾਂ ਅਤੇ ਧੀਆਂ ਵਿਚਾਲੇ ਕੋਈ ਭੇਦਭਾਵ ਨਹੀਂ ਕਰ ਸਕਦੀ। ਲਿਹਾਜ਼ਾ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਮ੍ਰਿਤਕ ਦੀਆਂ ਵਿਆਹੁਤਾ ਧੀਆਂ ਮੁਆਵਜ਼ੇ ਦੀਆਂ ਹੱਕਦਾਰ ਨਹੀਂ ਹਨ।’’ ਜਸਟਿਸ ਐੱਚ. ਪੀ. ਸੰਦੇਸ਼ ਦੀ ਸਿੰਗਲ ਬੈਂਚ ਨੇ ਇਕ ਬੀਮਾ ਕੰਪਨੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ। ਪਟੀਸ਼ਨ ’ਚ 12 ਅਪ੍ਰੈਲ, 2012 ਨੂੰ ਉੱਤਰੀ ਕਰਨਾਟਕ ’ਚ ਯਮਨੂਰ, ਹੁਬਲੀ ਨੇੜੇ ਹੋਏ ਇਕ ਹਾਦਸੇ ’ਚ ਜਾਨ ਗੁਆਉਣ ਵਾਲੀ ਰੇਣੂਕਾ (57) ਦੀਆਂ ਵਿਆਹੁਤਾ ਧੀਆਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਰੇਣੂਕਾ ਦੇ ਪਤੀ, ਤਿੰਨ ਧੀਆਂ ਅਤੇ ਇਕ ਪੁੱਤਰ ਨੇ ਮੁਆਵਜ਼ੇ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਆਨਲਾਈਨ ਗੇਮ ’ਚ ਨੌਜਵਾਨ ਨੇ ਜਿੱਤੇ 1 ਕਰੋੜ, ਲਾਲਚ ’ਚ ਦੋਸਤਾਂ ਨੇ ਕੀਤਾ ਅਗਵਾ
ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਪਰਿਵਾਰ ਦੇ ਮੈਂਬਰਾਂ ਨੂੰ 6 ਫੀਸਦੀ ਦੀ ਸਾਲਾਨਾ ਵਿਆਜ ਦਰ ਨਾਲ 5,91,600 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਬੀਮਾ ਕੰਪਨੀ ਨੇ ਇਸ ਹੁਕਮ ਨੂੰ ਹਾਈ ਕੋਰਟ ’ਚ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਵਿਆਹੁਤਾ ਧੀਆਂ ਮੁਆਵਜ਼ੇ ਦਾ ਦਾਅਵਾ ਨਹੀਂ ਕਰ ਸਕਦੀਆਂ। ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਉਹ ਆਸ਼ਰਿਤ ਨਹੀਂ ਹਨ। ਇਸ ਲਈ ‘ਨਿਰਭਰਤਾ ਨਾ ਹੋਣ ’ਤੇ’ ਮੁਆਵਜ਼ਾ ਦੇਣਾ ਗਲਤ ਹੈ। ਹਾਲਾਂਕਿ ਅਦਾਲਤ ਨੇ ਬੀਮਾ ਕੰਪਨੀ ਦੀਆਂ ਇਨ੍ਹਾਂ ਦਲੀਲਾਂ ਨੂੰ ਰੱਦ ਕਰ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ