''ਕੁਝ ਵੱਡੇ ਉਦਯੋਗਪਤੀ ਸਟਾਰਲਿੰਕ ਨੂੰ ਭਾਰਤ ''ਚ ਆਉਣ ਤੋਂ ਰੋਕ ਰਹੇ ਹਨ'', ਐਲੋਨ ਮਸਕ ਨੇ ਸਾਧਿਆ ਨਿਸ਼ਾਨਾ

Wednesday, Oct 07, 2026 - 11:26 PM (IST)

''ਕੁਝ ਵੱਡੇ ਉਦਯੋਗਪਤੀ ਸਟਾਰਲਿੰਕ ਨੂੰ ਭਾਰਤ ''ਚ ਆਉਣ ਤੋਂ ਰੋਕ ਰਹੇ ਹਨ'', ਐਲੋਨ ਮਸਕ ਨੇ ਸਾਧਿਆ ਨਿਸ਼ਾਨਾ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਭਾਰਤ ਵਿੱਚ ਆਪਣੀ ਸੈਟੇਲਾਈਟ ਇੰਟਰਨੈੱਟ ਕੰਪਨੀ 'ਸਟਾਰਲਿੰਕ' ਦੀ ਐਂਟਰੀ ਨਾ ਹੋਣ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਭਾਰਤ ਦੇ 'ਕੁਝ ਵੱਡੇ ਉਦਯੋਗਪਤੀਆਂ' 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਉਹ ਸਟਾਰਲਿੰਕ ਨੂੰ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਣ ਤੋਂ ਰੋਕ ਰਹੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਪੋਸਟ ਦਾ ਜਵਾਬ ਦਿੰਦਿਆਂ ਮਸਕ ਨੇ ਲਿਖਿਆ ਕਿ ਕੁਝ ਵੱਡੇ ਉਦਯੋਗਪਤੀ ਸਟਾਰਲਿੰਕ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ ਤਾਂ ਜੋ ਭਾਰਤੀ ਗਾਹਕਾਂ ਉੱਤੇ ਉਨ੍ਹਾਂ ਦਾ ਏਕਾਧਿਕਾਰ (Monopoly) ਬਣਿਆ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਬਿਹਤਰ ਇੰਟਰਨੈੱਟ ਸੇਵਾਵਾਂ ਤੋਂ ਵਾਂਝਾ ਰੱਖਣਾ ਭਾਰਤ ਦੇ ਲੋਕਾਂ ਖ਼ਿਲਾਫ਼ ਇੱਕ ਅਪਰਾਧ ਵਾਂਗ ਹੈ।

ਐਲੋਨ ਮਸਕ ਸਾਲ 2022 ਤੋਂ ਸਟਾਰਲਿੰਕ ਨੂੰ ਭਾਰਤ ਵਿੱਚ ਲਿਆਉਣ ਲਈ ਯਤਨਸ਼ੀਲ ਹਨ। ਸਾਲ 2024 ਵਿੱਚ ਕੇਂਦਰੀ ਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਸਪੱਸ਼ਟ ਕੀਤਾ ਸੀ ਕਿ ਸਟਾਰਲਿੰਕ ਨੂੰ ਭਾਰਤੀ ਯੂਜ਼ਰਾਂ ਦਾ ਡੇਟਾ ਦੇਸ਼ ਦੇ ਅੰਦਰ ਹੀ ਰੱਖਣਾ ਪਵੇਗਾ ਅਤੇ ਸੁਰੱਖਿਆ ਏਜੰਸੀਆਂ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਇਨ੍ਹਾਂ ਸ਼ਰਤਾਂ 'ਤੇ ਸਟਾਰਲਿੰਕ ਨੇ ਆਪਣੀ ਸਹਿਮਤੀ ਜਤਾਈ ਸੀ। ਇਸ ਤੋਂ ਬਾਅਦ ਮਾਰਚ 2025 ਵਿੱਚ ਸਟਾਰਲਿੰਕ ਨੇ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨਾਲ ਸਮਝੌਤੇ ਵੀ ਕੀਤੇ ਅਤੇ ਸਰਕਾਰ ਵੱਲੋਂ ਕੁਝ ਜ਼ਰੂਰੀ ਲਾਇਸੈਂਸ ਵੀ ਦਿੱਤੇ ਗਏ ਸਨ।

7 ਅਕਤੂਬਰ ਨੂੰ ਸਟਾਰਲਿੰਕ ਵੱਲੋਂ ਦੱਸਿਆ ਗਿਆ ਕਿ ਕੰਪਨੀ ਨੇ ਭਾਰਤ ਵਿੱਚ ਇੱਕ ਵੱਡਾ ਇਨਫਰਾਸਟ੍ਰਕਚਰ ਤਿਆਰ ਕਰ ਲਿਆ ਹੈ। ਹਾਲਾਂਕਿ, ਸੇਵਾਵਾਂ ਦੀਆਂ ਕੀਮਤਾਂ, ਰੈਗੂਲੇਟਰੀ ਨਿਯਮਾਂ ਅਤੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀਆਂ ਅੰਤਿਮ ਮਨਜ਼ੂਰੀਆਂ ਦਾ ਅਜੇ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ।
 


author

Inder Prajapati

Content Editor

Related News