ਪ੍ਰਿਯੰਕਾ ਗਾਂਧੀ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਖੜਗੇ ਨੂੰ ਦਿੱਤੀ ਵਧਾਈ
Wednesday, Oct 19, 2022 - 04:20 PM (IST)
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ’ਚ ਪਾਰਟੀ ਅਤੇ ਉਸ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਮਿਲੇਗੀ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘‘ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਖੜਗੇ ਦੀ ਨੂੰ ਦਿਲੋਂ ਸ਼ੁੱਭਕਾਮਨਾਵਾਂ। ਮੇਰਾ ਪੂਰਾ ਭਰੋਸਾ ਹੈ ਕਿ ਸਿਆਸੀ ਜੀਵਨ ਦਾ ਤੁਹਾਡਾ ਜ਼ਮੀਨੀ ਤਜ਼ਰਬਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਦੇਵੇਗਾ। ਤੁਹਾਡੀ ਅਗਵਾਈ ’ਚ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਕਾਂਗਰਸ ਸੰਘਰਸ਼ ਜਾਰੀ ਰੱਖੇਗੀ।’’
ਪਾਰਟੀ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ, ‘‘ਮੱਲਿਕਾਰਜੁਨ ਖੜਗੇ ਜੀ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਰਾਸ਼ਟਰੀ ਪ੍ਰਧਾਨ ਚੁਣੇ ਜਾਣ ’ਤੇ ਵਧਾਈ। ਮੈਨੂੰ ਪੂਰਨ ਭਰੋਸਾ ਹੈ ਕਿ ਤੁਹਾਡੀ ਅਗਵਾਈ ਅਤੇ ਮਾਰਗਦਰਸ਼ਨ ’ਚ ਪਾਰਟੀ ਵਰਕਰਾਂ ਨੂੰ ਇਕ ਨਵੀਂ ਦਿਸ਼ਾ ਮਿਲੇਗੀ ਅਤੇ ਸਾਰੇ ਲੋਕ ਕਾਂਗਰਸ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਹੋਣ ਕੇ ਕੰਮ ਕਰਨਗੇ।’’
ਦੱਸਣਯੋਗ ਹੈ ਕਿ 24 ਸਾਲਾਂ ’ਚ ਪਹਿਲੀ ਵਾਰ ਹੋਇਆ ਹੈ, ਜਦੋਂ ਗਾਂਧੀ ਪਰਿਵਾਰ ਦੇ ਬਾਹਰ ਦਾ ਕੋਈ ਨੇਤਾ ਪ੍ਰਧਾਨ ਅਹੁਦੇ ’ਤੇ ਪਹੁੰਚਿਆ। ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਪ੍ਰਧਾਨ ਅਹੁਦੇ ਨੂੰ ਲੈ ਕੇ ਮੁਕਾਬਲਾ ਸੀ। ਮਲਿਕਾਰਜੁਨ ਖੜਗੇ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ। ਉਨ੍ਹਾਂ ਨੂੰ 7,897 ਵੋਟਾਂ ਮਿਲੀਆਂ, ਜਦਕਿ ਥਰੂਰ ਨੂੰ ਸਿਰਫ਼ 1,072 ਵੋਟਾਂ ਮਿਲੀਆਂ। ਜਦਕਿ 461 ਵੋਟਾਂ ਰਿਜੈਕਟ ਹੋਈਆਂ ਹਨ। ਕਾਂਗਰਸ ਦੇ ਕੇਂਦਰੀ ਚੋਣ ਅਧਿਕਾਰੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਖੜਗੇ ਨੂੰ ਨਵਾਂ ਪ੍ਰਧਾਨ ਐਲਾਨ ਕੀਤਾ।