ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕੀਤਾ NEET PG ਪ੍ਰੀਖਿਆ ਦੀ ਨਵੀਂ ਤਾਰੀਖ਼ ਦਾ ਐਲਾਨ
Tuesday, Jul 13, 2021 - 06:57 PM (IST)
ਨਵੀਂ ਦਿੱਲੀ- ਨਵੇਂ ਚੁਣੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਰਾਸ਼ਟਰੀ ਯੋਗਤਾ ਦਾਖ਼ਲਾ ਟੈਸਟ (ਪੋਸਟ ਗਰੈਜੂਏਟ) (ਨੀਟ ਪੀ.ਜੀ.) ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਕੀਤਾ ਹੈ। ਨੀਟ ਪੀਜੀ ਪ੍ਰੀਖਿਆ 11 ਸਤੰਬਰ 2021 ਨੂੰ ਹੋਵੇਗੀ। ਦੱਸਣਯੋਗ ਹੈ ਕਿ ਦੇਸ਼ ਦੇ ਮੈਡੀਕਲ ਕਾਲਜਾਂ 'ਚ ਪੀਜੀ ਕੋਰਸਾਂ 'ਚ ਦਾਖ਼ਲੇ ਲਈ ਇਹ ਪ੍ਰਵੇਸ਼ ਪ੍ਰੀਖਿਆ 18 ਅਪ੍ਰੈਲ ਨੂੰ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਦੇਸ਼ ਭਰ ਤੋਂ 1.70 ਲੱਖ ਵਿਦਿਆਰਥੀਆਂ ਨੇ ਨੀਟ ਪੀਜੀ ਪ੍ਰੀਖਿਆ ਲਈ ਰਜਿਸਟਰੇਸ਼ਨ ਕਰਵਾਇਆ ਹੈ। ਮੰਡਾਵੀਆ ਨੇ ਟਵੀਟ ਕੀਤਾ,''ਅਸੀਂ 11 ਸਤੰਬਰ 2021 ਨੂੰ ਨੀਟੀ ਪੀਜੀ ਪ੍ਰੀਖਿਆ ਕਰਨ ਦਾ ਫ਼ੈਸਲਾ ਲਿਆ ਹੈ। ਨੌਜਵਾਨ ਮੈਡੀਕਲ ਉਮੀਦਵਾਰਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ।''
ਨੀਟ ਪੀਜੀ ਕੰਪਿਊਟਰ ਬੇਸਡ ਪ੍ਰੀਖਿਆ ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਨੇ 30 ਜੂਨ 2021 ਨੂੰ ਜਾਂ ਪਹਿਲਾਂ ਇੰਟਰਨਸ਼ਿਪ ਪੂਰੀ ਕੀਤੀ ਹੈ, ਉਹ ਨੀਟ ਪੀਜੀ ਲਈ ਯੋਗ ਹੈ। ਨੀਟ ਪੀਜੀ 'ਚ 300 ਮਲਟੀਪਲ ਚੁਆਇਸ ਸਵਾਲ ਹੋਣਗੇ। ਇਹ ਪ੍ਰੀਖਿਆ ਦੇਸ਼ ਦੇ 162 ਸ਼ਹਿਰਾਂ 'ਚ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੀਖਿਆ 'ਚ ਸਿਰਫ਼ ਉਹੀ ਵਿਦਿਆਰਥੀ ਹਿੱਸਾ ਲੈ ਸਕਦੇ ਹਨ, ਜਿਨ੍ਹਾਂਕੋਲ ਐੱਮ.ਬੀ.ਬੀ.ਐੱਸ. ਦੀ ਡਿਗਰੀ ਜਾਂ ਮੈਡੀਕਲ ਕਾਊਂਸਿਲ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਪ੍ਰੋਵਿਜ਼ਨਲ ਐੱਮ.ਬੀ.ਬੀ.ਐੱਸ. ਪਾਸ ਸਰਟੀਫਿਕੇਟ ਹਨ।