1984 ਦੇ ਦੰਗਾ ਪੀੜਤਾਂ ਨੂੰ ਬੇਘਰ ਕਰ ਰਹੇ ਹਨ ਕੇਜਰੀਵਾਲ : ਮਨੋਜ ਤਿਵਾੜੀ
Saturday, Jun 01, 2019 - 02:33 AM (IST)

ਨਵੀਂ ਦਿੱਲੀ– ਮੰਗੋਲਪੁਰੀ ਸਥਿਤ ਪੰਜਾਬੀ ਕੈਂਪ ਵਿਚ ਰਹਿਣ ਵਾਲੇ 1984 ਦੇ ਸਿੱਖ ਦੰਗਾ ਪੀੜਤ 250 ਪਰਿਵਾਰਾਂ ਨੂੰ ਉਜਾੜਨ ਨੂੰ ਮੰਦਭਾਗਾ ਦੱਸਦਿਆਂ ਸੂਬਾ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਬਿਨਾਂ ਕੋਈ ਰਿਹਾਇਸ਼ ਦਿੱਤੇ ਲਾਚਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਇਨ੍ਹਾਂ ਪਰਿਵਾਰਾਂ ਨੂੰ ਉਜਾੜ ਕੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਜ਼ਾਹਿਰ ਕਰ ਰਹੀ ਹੈ। ਇਹ ਦਿੱਲੀ ਦੇ ਉਹ ਹੀ ਸਿੱਖ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਮਤ ਦਿਵਾਇਆ ਸੀ ਅਤੇ ਆਮ ਆਦਮੀ ਪਾਰਟੀ ਨੇ ਵੀ 1984 ਦੇ ਦੰਗਾ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ, ਸਿੱਖਿਆ, ਰੋਜ਼ਗਾਰ ਦੇਣ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿਚ ਕੀਤਾ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਕੇਜਰੀਵਾਲ ਪੀੜਤਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਬਜਾਏ ਉਲਟਾ ਉਨ੍ਹਾਂ ਪਰਿਵਾਰਾਂ ਨੂੰ ਬੇਘਰ ਕਰਨ ’ਤੇ ਤੁਲੇ ਹਨ।