ਕਰਨਾਟਕ 'ਚ ਭਗਵੰਤ ਮਾਨ ਬੋਲੇ- ਅਸੀਂ ਸਵੱਛ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਿਆਵਾਂਗੇ

Saturday, Mar 04, 2023 - 03:01 PM (IST)

ਹੁਬਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਕਰਨਾਟਕ 'ਚ ਸੱਤਾਧਾਰੀ ਭਾਜਪਾ ਨੂੰ ਉਖਾੜ ਸੁੱਟਣ ਲਈ ਤਿਆਰ ਹੈ। ਕਰਨਾਟਕ ਦੇ ਦਾਵਣਗੇਰੇ ਸ਼ਹਿਰ 'ਚ ਇਕ ਜਨ ਸਭਾ 'ਚ ਹਿੱਸਾ ਲੈਣ ਪੁੱਜੇ ਕੇਜਰੀਵਾਲ ਨੇ ਕਿਹਾ,''ਅਸੀਂ ਇੱਥੇ 40 ਫੀਸਦੀ ਕਮੀਸ਼ਨ ਵਾਲੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲਈ ਹਾਂ।'' ਉਨ੍ਹਾਂ ਕਿਹਾ,''ਲੋਕ ਜਾਣਦੇ ਹਨ ਕਿ ਅਸੀਂ ਨਵੀਂ ਦਿੱਲੀ 'ਚ ਕੀ ਹਾਸਲ ਕੀਤਾ ਹੈ। ਸਾਡਾ ਉਦੇਸ਼ ਸੂਬੇ 'ਚ ਈਮਾਨਦਾਰ ਅਤੇ ਸਵੱਛ ਸਰਕਾਰ ਪ੍ਰਦਾਨ ਕਰਨਾ ਹੈ।'' ਉਨ੍ਹਾਂ ਕਿਹਾ,''ਅਸੀਂ ਕਰਨਾਟਕ 'ਚ 'ਆਪ' ਨੂੰ ਮਜ਼ਬੂਤ ਕਰ ਰਹੇ ਹਾਂ।''

 

ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸੂਬੇ 'ਚ ਸਵੱਛ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਿਆਵਾਂਗੇ। ਮੁਫ਼ਤ ਬਿਜਲੀ ਦੇਣ, ਬੇਰੁਜ਼ਗਾਰੀ ਦੂਰ ਕਰਨ ਅਤੇ ਉਦਯੋਗਾਂ ਦੀ ਸਥਾਪਨਾ ਲਈ ਕਦਮ ਚੁੱਕਾਂਗੇ।'' ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਸਭ ਚੋਰ ਹਨ। ਮਾਨ ਨੇ ਅੱਗੇ ਕਿਹਾ ਕਿ ਕਰਨਾਟਕ ਦੇ ਕਿਸਾਨ ਆਪਣੇ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਸਰਕਾਰ ਨੇ ਖੇਤੀ ਨਾਲ ਸੰਬੰਧਤ ਤਿੰਨ ਕਠੋਰ ਐਕਟ ਵਾਪਸ ਲੈ ਲਏ ਹਨ ਪਰ ਕਰਨਾਟਕ ਸੂਬੇ ਨੇ ਅਜੇ ਤੱਕ ਉਨ੍ਹਾਂ ਨੂੰ ਵਾਪਸ ਨਹੀਂ ਲਿਆ ਹੈ। ਕਰਨਾਟਕ 'ਚ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਉਨ੍ਹਾਂ ਕਿਹਾ,''ਅਸੀਂ ਪੁਰਾਣੀ ਪੈਨਸ਼ਨ ਯੋਜਨਾ (ਓ.ਪੀ.ਐੱਸ.) ਲਾਗੂ ਕੀਤੀ ਹੈ ਪਰ ਕਰਨਾਟਕ ਸਰਕਾਰ ਨੇ ਓ.ਪੀ.ਐੱਸ. ਲਾਗੂ ਕਰਨ ਦੀ ਪਰਵਾਹ ਨਹੀਂ ਕੀਤੀ ਹੈ।'' ਮਾਨ ਨੇ ਕਿਹਾ 'ਆਪ' ਸਰਕਾਰ ਆਉਣ 'ਤੇ ਭ੍ਰਿਸ਼ਟਾਚਾਰ ਦਾ ਹਿਸਾਬ ਕੀਤਾ ਜਾਵੇਗਾ। ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ 'ਚ ਮੁਫ਼ਤ ਇਲਾਜ ਹੁੰਦੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਨੋਟਬੰਦੀ ਨੂੰ ਲੈ ਕੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅਕਾਊਂਟ 'ਚ 15 ਲੱਖ ਆਉਣਾ ਤਾਂ ਛੱਡੋ ਜੋ ਘਰ 'ਚ 2-3 ਹਜ਼ਾਰ ਪਿਆ ਸੀ, ਉਹ ਵੀ ਨੋਟਬੰਦੀ ਕਰ ਕੇ ਉਹ ਵੀ ਕੱਢਵਾ ਕੇ ਲੈ ਗਏ ਹਨ। 


DIsha

Content Editor

Related News