ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ : ਮਨਮੋਹਨ ਸਿੰਘ

12/05/2019 10:28:19 AM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਬਕਾ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਵ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਦਿੱਲੀ 'ਚ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ। ਬੁੱਧਵਾਰ ਨੂੰ ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਗੁਜਰਾਲ ਦੀ 100ਵੀਂ ਜਯੰਤੀ 'ਤੇ ਆਯੋਜਿਤ ਸਮਾਰੋਹ 'ਚ ਮਨਮੋਹਨ ਸਿੰਘ ਨੇ ਇਹ ਗੱਲ ਕਹੀ।

 

ਗੁਜਰਾਲ ਨੇ ਦਿੱਲੀ ਸੀ ਫੌਜ ਬੁਲਾਉਣ ਦੀ ਸਲਾਹ
ਮਨਮੋਹਨ ਸਿੰਘ ਨੇ ਕਿਹਾ,''ਦਿੱਲੀ 'ਚ ਜਦੋਂ 1984 ਸਿੱਖ ਵਿਰੋਧੀ ਦੰਗੇ ਹੋ ਰਹੇ ਸਨ, ਗੁਜਰਾਲ ਜੀ ਉਸ ਸਮੇਂ ਗ੍ਰਹਿ ਮੰਤਰੀ ਨਰਸਿਮਹਾ ਰਾਵ ਕੋਲ ਗਏ ਸਨ। ਉਨ੍ਹਾਂ ਨੇ ਰਾਵ ਨੂੰ ਕਿਹਾ ਕਿ ਸਥਿਤੀ ਇੰਨੀ ਗੰਭੀਰ ਹੈ ਕਿ ਸਰਕਾਰ ਲਈ ਜਲਦ ਤੋਂ ਜਲਦ ਫੌਜ ਨੂੰ ਬੁਲਾਉਣਾ ਜ਼ਰੂਰੀ ਹੈ। ਜੇਕਰ ਰਾਵ ਗੁਜਰਾਲ ਦੀ ਸਲਾਹ ਮੰਨ ਕੇ ਜ਼ਰੂਰੀ ਕਾਰਵਾਈ ਕਰਦੇ ਤਾਂ ਸ਼ਾਇਦ 1984 ਕਤਲੇਆਮ ਤੋਂ ਬਚਿਆ ਜਾ ਸਕਦਾ ਸੀ।''

1984 'ਚ ਹੋਏ ਸਨ ਸਿੱਖ ਵਿਰੋਧੀ ਦੰਗੇ
ਦੱਸਣਯੋਗ ਹੈ ਕਿ 1984 'ਚ ਸਿੱਖ ਸੁਰੱਖਿਆ ਕਰਮਚਾਰੀਆਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦੇਸ਼ ਭਰ 'ਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਇਨ੍ਹਾਂ ਦੰਗਿਆਂ 'ਚ ਕਰੀਬ 3 ਹਜ਼ਾਰ ਸਿੱਖਾਂ ਦੀ ਜਾਨ ਚੱਲੀ ਗਈ। ਦਿੱਲੀ 'ਚ ਦੰਗਿਆਂ ਦਾ ਅਸਰ ਸਭ ਤੋਂ ਵਧ ਸੀ। ਕਿਹਾ ਜਾਂਦਾ ਹੈ ਕਿ 3 ਹਜ਼ਾਰ 'ਚੋਂ 2700 ਸਿੱਖਾਂ ਦਾ ਕਤਲ ਦਿੱਲੀ 'ਚ ਹੀ ਹੋਇਆ ਸੀ।

2012 'ਚ ਹੋਇਆ ਸੀ ਗੁਜਰਾਲ ਦਾ ਦਿਹਾਂਤ
ਇੰਦਰ ਕੁਮਾਰ ਗੁਜਰਾਲ 21 ਅਪ੍ਰੈਲ 1997 ਤੋਂ ਲੈ ਕੇ 19 ਮਾਰਚ 1998 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। 30 ਨਵੰਬਰ 2012 ਨੂੰ 92 ਸਾਲ ਦੀ ਉਮਰ 'ਚ ਗੁਜਰਾਲ ਦਾ ਦਿਹਾਂਤ ਹੋ ਗਿਆ ਸੀ। ਗੁਜਰਾਲ ਦੀ ਜਯੰਤੀ 'ਤੇ ਆਯੋਜਿਤ ਪ੍ਰੋਗਰਾਮ 'ਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਸਾਬਕਾ ਕੇਂਦਰੀ ਮੰਤਰੀ ਕਰਨ ਸਿੰਘ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ।


DIsha

Content Editor

Related News