ਮਨਜੀਤ ਸਿੰਘ ਜੀ.ਕੇ. ਦੀ ਹੋਵੇਗੀ ਅਕਾਲੀ ਦਲ ’ਚ ਘਰ ਵਾਪਸੀ! ਦਿੱਲੀ ਦੀ ਸਿੱਖ ਸਿਆਸਤ ਹੋ ਸਕਦੈ ਵੱਡਾ ਫੇਰਬਦਲ

Sunday, Dec 24, 2023 - 08:48 PM (IST)

ਮਨਜੀਤ ਸਿੰਘ ਜੀ.ਕੇ. ਦੀ ਹੋਵੇਗੀ ਅਕਾਲੀ ਦਲ ’ਚ ਘਰ ਵਾਪਸੀ! ਦਿੱਲੀ ਦੀ ਸਿੱਖ ਸਿਆਸਤ ਹੋ ਸਕਦੈ ਵੱਡਾ ਫੇਰਬਦਲ

ਨਵੀਂ ਦਿੱਲੀ, (ਸੁਨੀਲ ਪਾਂਡੇ)– ਦੇਸ਼ ’ਚ 4 ਮਹੀਨੇ ਬਾਅਦ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਖਿੱਲਰ ਚੁੱਕੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਫਿਰ ਤੋਂ ਖੜ੍ਹੀ ਕਰ ਕੇ ਇਕਜੁਟ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਵੱਡੀ ਪਹਿਲ ਕੀਤੀ ਹੈ। ਮੌਜੂਦਾ ਹਾਲਾਤ ਦੇ ਚਲਦੇ ਅਕਾਲੀ ਦਲ ਦੀ ਹੋਂਦ ਵੀ ਖਤਰੇ ’ਚ ਆ ਗਈ ਹੈ। ਇਸ ਕੜੀ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ ਪਾਰਟੀ' ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਘਰ ਵਾਪਸੀ ਕਰਵਾਈ ਜਾ ਰਹੀ ਹੈ। ਸਭ ਕੁਝ ਠੀਕ ਰਿਹਾ ਤਾਂ ਕ੍ਰਿਸਮਸ ਦੇ ਦਿਨ ਭਾਵ ਸੋਮਵਾਰ ਨੂੰ ਉਹ ਦੇਸ਼ ਦੀ ਦੂਜੇ ਨੰਬਰ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਜਾਣਗੇ। 

ਇਸ ਵਾਰ ਵੀ ਬਹਾਨਾ ਉਹੀ ਪੰਥ ਦੀ ਇਕਜੁਟਤਾ ਅਤੇ ਬਿਖਰੀ ਹੋਈ ਪਾਰਟੀ ਨੂੰ ਇਕਜੁਟ ਕਰਨ ਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਮਨਜੀਤ ਸਿੰਘ ਦੀ ਘਰ ਵਾਪਸੀ ਦਾ ਪ੍ਰਸਤਾਵ ਲੈ ਕੇ ਸੋਮਵਾਰ ਨੂੰ ਦੁਪਹਿਰ ਉਨ੍ਹਾਂ ਦੇ ਗ੍ਰੇਟਰ ਕੈਲਾਸ਼ ਸਥਿਤ ਘਰ ਜਾ ਰਹੇ ਹਨ। ਬਾਦਲ ਨੂੰ ਵੀ ਪਤਾ ਹੈ ਕਿ ਬਗੈਰ ਦਿੱਲੀ ਦਾ ਕਿਲ੍ਹਾ ਫਤਹਿ ਕੀਤੇ ਅੱਗੇ ਦਾ ਰਾਹ ਨਹੀਂ ਖੁੱਲ੍ਹਦਾ। ਇਹੀ ਕਾਰਨ ਹੈ ਕਿ ਉਹ ਦਿੱਲੀ ’ਚ ਪਾਰਟੀ ਦੀਆਂ ਜ਼ੜ੍ਹਾਂ ਫਿਰ ਤੋਂ ਮਜ਼ਬੂਤ ਕਰਨ ਲਈ ਸਾਰੇ ਪੰਥਕ ਨੇਤਾਵਾਂ ਨੂੰ ਇਕਜੁਟ ਕਰ ਰਹੇ ਹਨ। 

ਮਜ਼ੇਦਾਰ ਗੱਲ ਇਹ ਹੈ ਕਿ ਇਸੇ ਅਕਾਲੀ ਦਲ ਅਤੇ ਪਾਰਟੀ ਦੇ ਮੁਖੀਆ ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਨੂੰ ਮਾਰਚ-ਅਪ੍ਰੈਲ 2019 ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਇਸ ਤੋਂ ਪਹਿਲੇ ਜਨਵਰੀ 2019 ’ਚ ਮਨਜੀਤ ਸਿੰਘ ਜੀ.ਕੇ. ਨੇ ਕਥਿਤ ਇਲਜ਼ਾਮ ਲਾਉਣ ਦੇ ਚਲਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਵਿਰੋਧੀਆਂ ਦਾ ਦਬਾਅ ਸੀ ਕਿ ਮਨਜੀਤ ’ਤੇ ਕਥਿਤ ਦੋਸ਼ ਹੈ, ਫਿਲਹਾਲ ਇਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੀਤਾ ਜਾਏ। ਬਾਦਲ ਨੇ ਵੀ ਬਿਨਾਂ ਦੇਰ ਕੀਤੇ ਜੀ.ਕੇ. ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਜਦੋਂਕਿ ਬਾਦਲ ਪਰਿਵਾਰ ਅਤੇ ਜੀ.ਕੇ. ਪਰਿਵਾਰ ਵਿਚ ਕਰੀਬ 73 ਸਾਲਾਂ ਦਾ ਨਾਜ਼ੁਕ ਸਬੰਧ ਰਿਹਾ ਹੈ। ਦੱਸ ਦੇਈਏ ਕਿ ਦਿੱਲੀ ਦਾ ਕਿਲ੍ਹਾ ਮਜ਼ਬੂਤ ਕਰਨ ਦੇ ਨਾਲ ਹੀ ਪਾਰਟੀ ਦੇ ਹੋਰ ਸਿੱਖਾਂ ਦੇ ਗੜ੍ਹ ਵਾਲੇ ਗੁਆਂਢੀ ਸੂਬਿਆਂ ’ਚ ਵੀ ਪਾਰਟੀ ਦਾ ਵਿਸਤਾਰ ਕਰਨਾ ਹੋਵੇਗਾ। ਇਸ ਮਸਲੇ ’ਤੇ ਪਾਰਟੀ ਕਈ ਸੂਬਿਆਂ ’ਚ ਵਿਸਤਾਰ ਦੀ ਤਿਆਰੀ ਵੀ ਕਰ ਰਹੀ ਹੈ।

ਜਥੇਦਾਰ ਦੀ ਹੱਤਿਆ ਤੋਂ ਬਾਅਦ ਮਨਜੀਤ ਨੇ ਸੰਭਾਲੀ ਸੀ ਕਮਾਨ

ਸਿੱਖ ਜਾਣਕਾਰ ਦੱਸਦੇ ਹਨ ਕਿ 1980-81 ਦੇ ਦਹਾਕੇ ’ਚ ਜਥੇਦਾਰ ਸੰਤੋਖ ਸਿੰਘ ਦਾ ਕਮੇਟੀ ਅਤੇ ਪਾਰਟੀ ਦੋਹਾਂ ’ਚ ਦਬਦਬਾ ਸੀ। 21 ਦਸੰਬਰ 1981 ਨੂੰ ਜਥੇਦਾਰ ਦੀ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਭਿੰਡਰਾਵਾਲਾ ਅਤੇ ਸੰਤ ਲੋਗੋਵਾਲ ਨੇ ਅਪੀਲ ਕੀਤੀ ਸੀ ਕਿ ਹੁਣ ਧਰਮਯੁੱਧ ਮੋਰਚਾ ਲੱਗ ਚੁੱਕਾ ਹੈ ਲਿਹਾਜਾ ਸਾਰੇ ਮਤਭੇਦਾਂ ਨੂੰ ਭੁਲਾ ਕੇ ਪੰਥ ਨੂੰ ਇਕਜੁਟ ਹੋਣਾ ਹੋਵੇਗਾ। ਇਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ 1982 ’ਚ ਮਨਜੀਤ ਸਿੰਘ ਜੀ.ਕੇ. ਦੇ ਦਿੱਲੀ ਸਥਿਤ ਘਰ ਆਏ ਅਤੇ ਪਾਰਟੀ ’ਚ ਸ਼ਾਮਲ ਹੋਣ ਲਈ ਤਿਆਰ ਕੀਤਾ। ਫਿਰ ਮਨਜੀਤ ਸਿੰਘ ਜੀ.ਕੇ. ਨੂੰ ਅੰਮ੍ਰਿਤਸਰ ਬੁਲਾਇਆ ਗਿਆ ਅਤੇ 1982 ’ਚ ਉਥੇ ਭਿੰਡਰਾਵਾਲਾ ਅਤੇ ਸੰਤ ਲੋਗੋਵਾਲ ਦੀ ਮੌਜੂਦਗੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਵਿਧੀਵਤ ਜੁਆਈਨਿੰਗ ਕਰਵਾਈ ਗਈ। ਇਸ ਦੇ ਨਾਲ ਹੀ ਜਥੇਦਾਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦਾ ਰਲੇਵਾਂ ਹੋਇਆ। ਮਨਜੀਤ ਸਿੰਘ ਅਕਾਲੀ ਦਲ ਦੇ ਪਹਿਲੇ ਯੂਥ ਪ੍ਰਧਾਨ ਬਣੇ ਸਨ। ਜਾਣਕਾਰਾਂ ਦੀ ਮੰਨੀਏ ਤਾਂ ਜਥੇਦਾਰ ਸੰਤੋਖ ਸਿੰਘ ਨੇ ਆਪਸੀ ਮਤਭੇਦ ਦੇ ਚਲਦੇ 1975 ’ਚ ਅਕਾਲੀ ਦਲ ਛੱਡ ਕੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੀ ਸਥਾਪਨਾ ਕੀਤੀ ਸੀ।

ਦਿੱਲੀ ਦੀ ਸਿੱਖ ਸਿਆਸਤ ’ਚ ਆਏਗਾ ਬਦਲਾਅ

ਕਰੀਬ 4 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਣ ਜਾ ਰਹੇ ਮਨਜੀਤ ਸਿੰਘ ਜੀ.ਕੇ. ਨੂੰ ਕੀ ਜ਼ਿੰਮੇਵਾਰੀ ਮਿਲੇਗੀ, ਇਸ ਦਾ ਤਾਂ ਖੁਲਾਸਾ ਅਜੇ ਤਕ ਨਹੀਂ ਹੋਇਆ ਹੈ ਪਰ ਇੰਨਾ ਤਾਂ ਤੈਅ ਹੈ ਕਿ ਜੁਆਈਨਿੰਗ ਤੋਂ ਬਾਅਦ ਦਿੱਲੀ ਦੀ ਸਿੱਖ ਸਿਆਸਤ ’ਚ ਵੱਡਾ ਫੇਰਬਦਲ ਹੋ ਸਕਦਾ ਹੈ। ਸਾਲ 1950 ’ਚ ਮਾਸਟਰਾ ਤਾਰਾ ਸਿੰਘ ਨੇ ਦਿੱਲੀ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ। ਉਦੋਂ ਤੋਂ ਹੁਣ ਤਕ ਅਕਾਲੀ ਦਲ ਦਾ ਸਿੱਖ ਸਿਆਸਤ ’ਚ ਵੱਡਾ ਦਖਲ ਰਿਹਾ ਹੈ। ਮੌਜੂਦਾ ਸਮੇਂ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਧੜਾ ਵੀ ਇਸੇ ਪਾਰਟੀ ਦੇ ਚੋਣ ਚਿਨ੍ਹ ’ਤੇ ਲੜ ਕੇ ਸੱਤਾ ਹਾਸਲ ਕੀਤਾ ਸੀ। ਹਾਲਾਂਕਿ ਬਾਅਦ ’ਚ ਪਾਰਟੀ ਬਿਖਰ ਗਈ ਅਤੇ ਇਕ ਨਵੀਂ ਪਾਰਟੀ ਦਾ ਜਨਮ ਹੋ ਗਿਆ। 2021 ’ਚ ਦਿੱਲੀ ਕਮੇਟੀ ਦੀਆਂ ਚੋਣਾਂ ’ਚ ਤਿੰਨ ਵੱਡੀਆਂ ਪਾਰਟੀਆਂ (ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਦਿੱਲੀ ਅਤੇ ਜਾਗੋ ਪਾਰਟੀ) ਨੇ ਮੁੱਖ ਰੂਪ ਨਾਲ ਚੋਣਾਂ ’ਚ ਹਿੱਸਾ ਲਿਆ ਅਤੇ ਲਗਭਗ 90 ਫੀਸਦੀ ਵੋਟਾਂ ਹਾਸਲ ਕੀਤੀਆਂ। ਆਉਣ ਵਾਲੇ ਸਮੇਂ ’ਚ ਇਹੀ ਤਿੰਨੋਂ ਪਾਰਟੀਆਂ ਇਕ ਹੋਣ ਜਾ ਰਹੀਆਂ ਹਨ। ਇਹ ਤਿੰਨੋਂ ਪਾਰਟੀਆਂ ਹੁਣ ਤਕ ਇਕ ਦੂਜੇ ਖਿਲਾਫ ਜਮ ਕੇ ਹਮਲੇ ਬੋਲਦੀ ਰਹੀਆਂ ਹਨ। ਇਸ ਲਿਹਾਜ ਨਾਲ ਬਹੁਤ ਜਲਦ ਦਿੱਲੀ ਦੀ ਸਿੱਖ ਸਿਆਸਤ ’ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।


author

Rakesh

Content Editor

Related News