ਸਕੂਲ ਸਟਾਫ਼ ਦੀਆਂ ਤਨਖਾਹਾਂ ਤੇ DSGPC ਵਿਚਾਲੇ ਵਿਵਾਦ ''ਤੇ ਮਨਜੀਤ ਸਿੰਘ GK ਦਾ ਵੱਡਾ ਬਿਆਨ
Monday, Jul 13, 2026 - 01:46 PM (IST)
ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਇਕ ਸਕੂਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵਿਚਾਲੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮਾਮਲੇ 'ਚ ਵੱਡਾ ਬਿਆਨ ਦਿੱਤਾ ਹੈ।
ਜੀ.ਕੇ. ਨੇ ਇਸ ਮਾਮਲੇ 'ਚ ਮੌਜੂਦਾ ਪ੍ਰਬੰਧਕਾਂ, DSGPC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਕੱਤਰ ਜਗਦੀਪ ਸਿੰਘ ਕਾਹਲੋਂ 'ਤੇ ਦੋਸ਼ ਲਾਇਆ ਕਿ ਕਮੇਟੀ ਦੇ ਅਹੁਦੇਦਾਰ ਗੁਰੂ ਘਰ ਦੀਆਂ ਕੀਮਤੀ ਜ਼ਮੀਨਾਂ ਨੂੰ ਅਦਾਲਤ 'ਚ ਗਹਿਣੇ ਵਜੋਂ ਪੇਸ਼ ਕਰ ਕੇ ਆਏ ਹਨ।
ਜੀ.ਕੇ. ਨੇ ਕਾਲਕਾ ਅਤੇ ਕਾਹਲੋਂ ਵੱਲੋਂ ਕੇਸ ਦੀ ਸੁਣਵਾਈ ਮਗਰੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਨਿਰ੍ਹਾ ਝੂਠ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦਾਅਵਾ ਕਰ ਰਹੀ ਹੈ ਕਿ 90 ਫ਼ੀਸਦੀ ਅਧਿਆਪਕਾਂ ਨੇ ਉਨ੍ਹਾਂ ਨਾਲ ਸਹਿਮਤ ਹੋ ਕੇ ਆਪਣੇ ਕੇਸ ਵਾਪਸ ਲੈ ਲਏ ਹਨ, ਪਰ ਅਸਲ 'ਚ 9 ਫ਼ੀਸਦੀ ਅਧਿਆਪਕਾਂ ਨੇ ਵੀ ਆਪਣੇ ਕੇਸ ਵਾਪਸ ਨਹੀਂ ਲਏ ਹਨ।
ਜੀ.ਕੇ. ਅਨੁਸਾਰ, ਅਦਾਲਤੀ ਹੁਕਮ ਮੁਤਾਬਕ, ਕਮੇਟੀ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਮੰਨਦਿਆਂ ਕਮੇਟੀ ਦੀਆਂ ਦੋ ਜ਼ਮੀਨਾਂ ਨੂੰ ਗਾਰੰਟੀ ਵਜੋਂ ਰੱਖਣ ਦਾ ਹਲਫਨਾਮਾ ਦੇਣ ਦੀ ਗੱਲ ਕਬੂਲੀ ਹੈ, ਤਾਂ ਜੋ ਅਧਿਆਪਕਾਂ ਦੀਆਂ ਤਨਖਾਹਾਂ ਤੇ ਪੁਰਾਣੇ ਲਟਕਦੇ ਆ ਰਹੇ ਬਕਾਇਆਂ ਦੀ ਅਦਾਇਗੀ ਕੀਤੀ ਜਾ ਸਕੇ।
ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਅਧਿਆਪਕਾਂ ਵੱਲ ਦਿੱਲੀ ਗੁਰਦੁਆਰਾ ਕਮੇਟੀ ਦੀ ਇਸ ਵੇਲੇ 600 ਕਰੋੜ ਦੀ ਦੇਣਦਾਰੀ ਹੈ, ਪਰ ਜੇ ਸਮੇਂ ਸਿਰ ਇਸ ਦੀ ਅਦਾਇਗੀ ਨਾ ਕੀਤੀ ਗਈ ਤਾਂ ਇਹ ਵਿਆਜ ਸਣੇ 1,200 ਕਰੋੜ ਹੋ ਜਾਵੇਗੀ। ਇਸ ਤੋਂ ਇਲਾਵਾ, ਜੇ 8ਵਾਂ ਪੇਅ ਕਮਿਸ਼ਨ ਲਾਗੂ ਹੁੰਦਾ ਹੈ, ਤਾਂ ਇਹ ਰਕਮ 2,200 ਕਰੋੜ ਤੱਕ ਪਹੁੰਚ ਜਾਵੇਗੀ। ਜੀ.ਕੇ. ਨੇ ਅਖੀਰ 'ਚ ਕਿਹਾ ਕਿ ਸਿੱਖ ਕੌਮ ਇਨ੍ਹਾਂ ਪ੍ਰਬੰਧਕਾਂ ਨੂੰ ਕਦੇ ਮੁਆਫ ਨਹੀਂ ਕਰੇਗੀ, ਜਿਨ੍ਹਾਂ ਨੇ ਗੁਰੂ ਦੀਆਂ ਜ਼ਮੀਨਾਂ ਨੂੰ ਨਿੱਜੀ ਹਿੱਤਾਂ ਲਈ ਦਾਅ 'ਤੇ ਲਗਾ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
