'FIR ਨਾਲ ਸਾਨੂੰ ਡਰਾ ਨਹੀਂ ਸਕਦੇ', ਮਨਜਿੰਦਰ ਸਿਰਸਾ ਦਾ ਆਤਿਸ਼ੀ 'ਤੇ ਤਿੱਖਾ ਹਮਲਾ
Saturday, Jan 10, 2026 - 12:59 AM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਅਤੇ ਕੇਜਰੀਵਾਲ ਵਿਰੁੱਧ ਮੋਰਚਾ ਖੋਲ੍ਹਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਪੁਲਸ ਕੇਸਾਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਵਿਧਾਨ ਸਭਾ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਨਮਾਨ ਦਿੱਤਾ ਜਾ ਰਿਹਾ ਸੀ, ਉਸ ਸਮੇਂ ਆਤਿਸ਼ੀ ਨੇ ਗੁਰੂ ਸਾਹਿਬਾਨ ਲਈ ਅਪਮਾਨਜਨਕ ਅਤੇ ਅਭਦਰ ਭਾਸ਼ਾ ਦੀ ਵਰਤੋਂ ਕੀਤੀ। ਮੈਂ ਉਸੇ ਵੇਲੇ ਸਦਨ ਵਿੱਚ ਇਸ ਦਾ ਸਖ਼ਤ ਵਿਰੋਧ ਕੀਤਾ ਸੀ- ਤੁਸੀਂ ਇਹ ਕੀ ਬੋਲ ਰਹੇ ਹੋ?
ਸਿਰਸਾ ਨੇ ਸਵਾਲ ਉਠਾਇਆ ਕਿ ਜੇਕਰ ਆਤਿਸ਼ੀ ਨੇ ਕੁਝ ਗਲਤ ਨਹੀਂ ਕਿਹਾ, ਤਾਂ ਉਹ ਪਿਛਲੇ ਤਿੰਨ ਦਿਨਾਂ ਤੋਂ ਵਿਧਾਨ ਸਭਾ ਵਿੱਚ ਆਉਣ ਦੀ ਹਿੰਮਤ ਕਿਉਂ ਨਹੀਂ ਕਰ ਰਹੇ? ਉਨ੍ਹਾਂ ਦੋਸ਼ ਲਾਇਆ ਕਿ ਆਤਿਸ਼ੀ ਸਦਨ ਛੱਡ ਕੇ ਭੱਜ ਗਏ ਹਨ ਕਿਉਂਕਿ ਉਨ੍ਹਾਂ ਕੋਲ ਆਪਣੇ ਸ਼ਬਦਾਂ ਦਾ ਕੋਈ ਸਪੱਸ਼ਟੀਕਰਨ ਨਹੀਂ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਕਿ ਗੁਰੂ ਸਾਹਿਬਾਨ ਦੇ ਸਨਮਾਨ ਦੀ ਇਹ ਲੜਾਈ ਰੁਕਣ ਵਾਲੀ ਨਹੀਂ ਹੈ ਅਤੇ ਉਹ ਇਸ ਨੂੰ ਅੰਜਾਮ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀ ਕਪਿਲ ਮਿਸ਼ਰਾ ਨਾਲ ਮਿਲ ਕੇ ਇਸ ਅਪਮਾਨ ਦੇ ਵਿਰੁੱਧ ਡਟੇ ਰਹਿਣਗੇ।
"ਗੁਰੂਆਂ ਦਾ ਅਪਮਾਨ, ਨਹੀਂ ਸਹੇਗਾ ਹਿੰਦੁਸਤਾਨ"।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕਪਿਲ ਮਿਸ਼ਰਾ ਵਿਰੁੱਧ ਜਲੰਧਰ ਵਿੱਚ FIR ਦਰਜ ਕੀਤੀ ਜਾ ਚੁੱਕੀ ਹੈ, ਜਿਸ ਨੂੰ ਭਾਜਪਾ ਆਗੂਆਂ ਨੇ ਸਿਆਸੀ ਬਦਲਾਖੋਰੀ ਅਤੇ ਡਰਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
