ਸਿੱਖ ਕਤਲੇਆਮ ਬਾਰੇ ਸਿਰਸਾ ਨੇ ਕੀਤਾ ਸਨਸਨੀਖੇਜ਼ ਖੁਲਾਸਾ

10/17/2019 4:22:48 PM

ਨਵੀਂ ਦਿੱਲੀ— ਦਿੱਲੀ 'ਚ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਇਹ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਹੀ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ 'ਚ ਬਚਾਉਂਦੀ ਰਹੀ। ਬੁੱਧਵਾਰ ਸੱਜਣ ਕੁਮਾਰ ਵਿਰੁੱਧ ਪਟਿਆਲਾ ਹਾਊਸ ਕੋਰਟ ਅੰਦਰ ਸੁਣਵਾਈ ਹੋਈ, ਜਿਸ ਵਿਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਸਿਰਸਾ ਨੇ ਦੱਸਿਆ ਕਿ ਪੁਲਸ ਨੇ 1992 'ਚ ਸੱਜਣ ਕੁਮਾਰ ਨੂੰ ਬਚਾਉਣ ਵਾਸਤੇ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿਚ ਪੇਸ਼ ਕੀਤਾ, ਜੋ ਕਿ ਧਾਰਾ-164 ਤਹਿਤ ਆਪਣੇ ਬਿਆਨ ਦਰਜ ਕਰਵਾਉਂਦਾ ਰਿਹਾ। ਉਹ ਅਦਾਲਤ ਵਿਚ ਬਿਆਨ ਦਿੰਦਾ ਰਿਹਾ ਕਿ ਸੱਜਣ ਕੁਮਾਰ ਅਤੇ ਹੋਰ ਦੋਸ਼ੀ 1984 ਕਤਲੇਆਮ 'ਚ ਸ਼ਾਮਲ ਨਹੀਂ ਸਨ। 

PunjabKesari
ਸਿਰਸਾ ਨੇ ਕਿਹਾ ਕਿ ਅੱਜ ਜਦੋਂ ਅਸਲੀ ਜੋਗਿੰਦਰ ਸਿੰਘ ਗਵਾਹੀ ਲਈ ਪੇਸ਼ ਹੋਇਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਕਦੇ ਵੀ ਅੰਗਰੇਜ਼ੀ 'ਚ ਦਸਤਖਤ ਕਰ ਕੇ ਗਵਾਹੀ ਨਹੀਂ ਦਿੱਤੀ। ਇਹ ਮੇਰੇ ਦਸਤਖਤ ਨਹੀਂ ਹਨ। ਉਸ ਨੇ ਇਹ ਵੀ ਦੱਸਿਆ ਕਿ ਉਹ ਵਾਰ-ਵਾਰ ਪੁਲਸ ਨੂੰ ਦੱਸਦਾ ਰਿਹਾ ਹੈ ਕਿ ਸੱਜਣ ਕੁਮਾਰ ਇਸ ਮਾਮਲੇ 'ਚ ਸ਼ਾਮਲ ਹੈ। ਪਰ ਪੁਲਸ ਨੇ ਸੱਜਣ ਕੁਮਾਰ ਨੂੰ ਬਚਾਉਣ ਲਈ ਕਾਂਗਰਸ ਨਾਲ ਮਿਲ ਕੇ ਜਾਅਲੀ ਜੋਗਿੰਦਰ ਸਿੰਘ ਪੇਸ਼ ਕੀਤਾ, ਜਿਸ ਨੇ ਜਾ ਕੇ ਜੱਜ ਸਾਹਮਣੇ ਬਿਆਨ ਦਰਜ ਕਰਵਾਏ। 
ਜੱਜ ਨੇ ਇਸ ਮਾਮਲੇ ਨੂੰ ਧਿਆਨ 'ਚ ਲੈਂਦੇ ਹੋਏ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ। ਉਹ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦੀ ਪ੍ਰਵਾਨਗੀ ਦੇ ਰਹੇ ਹਨ। ਓਧਰ ਸੱਜਣ ਕੁਮਾਰ ਦੇ ਵਕੀਲ ਨੇ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦਾ ਵਿਰੋਧ ਕੀਤਾ। ਸਿਰਸਾ ਨੇ ਇਹ ਵੀ ਕਿਹਾ ਕਿ ਅਦਾਲਤ ਵਿਚ ਸੀ. ਬੀ. ਆਈ. ਨੇ ਵੀ ਕਿਹਾ ਕਿ ਪੁਲਸ ਦੋਸ਼ੀਆਂ ਨਾਲ ਮਿਲੀ ਹੋਈ ਹੈ, ਜਾਅਲੀ ਬੰਦੇ ਨੂੰ ਪੇਸ਼ ਕਰ ਕੇ ਬਿਆਨਬਾਜ਼ੀ ਕਰ ਰਹੀ ਸੀ। 


Tanu

Content Editor

Related News