ਵੱਡੀ ਖ਼ਬਰ: ਸਿਸੋਦੀਆ ਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫਾ, CM ਕੇਜਰੀਵਾਲ ਨੇ ਕੀਤਾ ਮਨਜ਼ੂਰ
Tuesday, Feb 28, 2023 - 06:41 PM (IST)
ਨਵੀਂ ਦਿੱਲੀ- ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਸਿਸੋਦੀਆ ਆਬਕਾਰੀ ਘਪਲੇ ਦੇ ਮਾਮਲੇ 'ਚ 5 ਦਿਨਾਂ ਦੀ ਸੀ.ਬੀ.ਆਈ. ਰਿਮਾਂਡ 'ਤੇ ਚੱਲ ਰਹੇ ਹਨ, ਉੱਥੇ ਹੀ ਸਿਹਤ ਮੰਤਰੀ ਸਤੇਂਦਰ ਜੈਨ ਪਹਿਲਾਂ ਤੋਂ ਹੀ ਮਨੀ ਲਾਂਡਰਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਹਨ।
ਮਨੀਸ਼ ਸਿਸੋਦੀਆ ਨੂੰ ਸੀ.ਬੀ.ਆਈ. ਨੇ ਐਤਵਾਰ ਨੂੰ ਗ੍ਰਿਭਤਾਰ ਕੀਤਾ ਸੀ ਅਤੇ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦੀ ਰਿਮਾਂਡ ਪ੍ਰਾਪਤ ਕਰਨ 'ਚ ਕਾਮਯਾਬ ਰਹੀ। ਸੀ.ਬੀ.ਆਈ. ਦੀ ਇਸ ਕਾਰਵਾਈ ਵਿਰੁੱਧ ਮੰਗਲਵਾਰ ਨੂੰ ਸਿਸੋਦੀਆ ਸੁਪਰੀਮ ਕੋਰਟ ਪਹੁੰਚੇ ਪਰ ਉੱਥੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ।
ਜਸਟਿਸ ਪੀ.ਐੱਸ. ਨਿਰਸਿਮਹਾ ਨੇ ਕਿਹਾ ਕਿ ਮਾਮਲਾ ਦਿੱਲੀ 'ਚ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਸਿੱਧਾ ਸੁਪਰੀਮ ਕੋਰਟ ਦਾ ਰੁਖ ਕਰੋ। ਉਨ੍ਹਾਂ ਕਿਹਾ ਕਿ ਉਪ-ਮੁੱਖ ਮੰਤਰੀ ਸਿਸੋਦੀਆ ਕੋਲ ਆਪਣੀ ਜ਼ਮਾਨਤ ਨੂੰ ਲੈ ਕੇ ਕਈ ਬਦਲ ਹਨ। ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਜਾਣਾ ਚਾਹੀਦਾ ਹੈ। ਇਸ ਮਾਮਲੇ 'ਚ ਅਸੀਂ ਕੋਈ ਦਖਲ ਨਹੀਂ ਦੇ ਸਕਦੇ।
ਉੱਥੇ ਹੀ ਸੂਤਰਾਂ ਮੁਤਾਬਕ, ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦੀ ਸਲਾਹ 'ਤੇ ਹੁਣ ਇਸ ਮਾਮਲੇ ਨੂੰ ਹਾਈ ਕੋਰਟ 'ਚ ਲੈ ਕੇ ਜਾਏਗੀ। ਪਾਰਟੀ ਨੇ ਕਿਹਾ ਕਿ ਅਸੀਂ ਕੋਰਟ ਦਾ ਸਨਮਾਨ ਕਰਦੇ ਹਾਂ।