ਮਣੀਪੁਰ ’ਚ ਅਫਸਪਾ ਦੀ ਮਿਆਦ 6 ਮਹੀਨੇ ਲਈ ਹੋਰ ਵਧੀ
Monday, Sep 30, 2024 - 08:49 PM (IST)
ਇੰਫਾਲ, (ਭਾਸ਼ਾ)- ਸਰਕਾਰ ਨੇ ਸੋਮਵਾਰ ਨੂੰ ਮਣੀਪੁਰ ’ਚ ਆਰਮਡ ਫੋਰਸਿਜ਼ (ਸਪੈਸ਼ਲ ਪਾਵਰਜ਼) ਐਕਟ (ਅਫਸਪਾ) ਦੇ ਲਾਗੂ ਹੋਣ ਦੀ ਮਿਆਦ 6 ਮਹੀਨਿਆਂ ਲਈ ਹੋਰ ਵਧਾ ਦਿੱਤੀ ਹੈ। ਹਾਲਾਂਕਿ, ਇੰਫਾਲ ਘਾਟੀ ਦੇ ਅਧੀਨ ਆਉਂਦੇ 19 ਪੁਲਸ ਸਟੇਸ਼ਨ ਖੇਤਰ ਅਤੇ ਆਸਾਮ ਦੀ ਸਰਹੱਦ ਨਾਲ ਲੱਗਦੇ ਖੇਤਰ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ।
ਰਾਜ ਸਰਕਾਰ ਦੇ ਗ੍ਰਹਿ ਵਿਭਾਗ ਨੇ ਦੱਸਿਆ ਕਿ ਇਹ ਵਿਸਤਾਰ 1 ਅਕਤੂਬਰ ਤੋਂ ਲਾਗੂ ਹੋਵੇਗਾ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ ਮੌਜੂਦਾ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਾਜ ਸਰਕਾਰ ਦਾ ਵਿਚਾਰ ਹੈ ਕਿ ਜ਼ਮੀਨੀ ਪੱਧਰ ’ਤੇ ਵਿਸਤ੍ਰਿਤ ਮੁਲਾਂਕਣ ਕਰਨਾ ਉਚਿਤ ਨਹੀਂ ਹੈ, ਕਿਉਂਕਿ ਸੁਰੱਖਿਆ ਏਜੰਸੀਆਂ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਰੁੱਝੀਆਂ ਹੋਈਆਂ ਹਨ।
ਕਮਿਸ਼ਨਰ (ਗ੍ਰਹਿ) ਐੱਨ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇੰਫਾਲ, ਲਾਮਫੇਲ, ਸਿਟੀ, ਸਿੰਗਜਾਮੇਈ, ਸੇਕਮਾਈ, ਲਾਮਸਾਂਗ, ਪਟਸੋਈ, ਵਾਂਗੋਈ, ਪੋਰੋਮਪਟ, ਹੇਈਂਗੰਗ, ਲਾਮਲਾਈ, ਇਰੀਬੰਗ, ਲੀਮਾਖੋਂਗ, ਥੌਬਲ, ਬਿਸ਼ਨੂਪੁਰ, ਨਾਮਬੋਲ, ਮੋਇਰੰਗ, ਕਾਕਚਿੰਗ ਅਤੇ ਜਿਰੀਬਾਮ ਵਿਚ ਅਫਸਪਾ ਵਧਾਇਆ ਗਿਆ ਹੈ।