ਇਕ ਘੰਟੇ ਵੀ ਨਹੀਂ ਚਲਿਆ ਮਣੀਪੁਰ ਵਿਧਾਨ ਸਭਾ ਦਾ ਸੈਸ਼ਨ, ਅਣਮਿੱਥੇ ਸਮੇਂ ਲਈ ਮੁਲਤਵੀ
Wednesday, Aug 30, 2023 - 03:13 PM (IST)
ਇੰਫਾਲ (ਭਾਸ਼ਾ)- ਮਣੀਪੁਰ ਵਿਧਾਨ ਸਭਾ ਦਾ ਇਕ ਦਿਨਾ ਸੈਸ਼ਨ ਮੰਗਲਵਾਰ ਸ਼ੁਰੂ ਹੋਣ ਤੋਂ ਇਕ ਘੰਟੇ ਅੰਦਰ ਹੀ ਕਾਂਗਰਸੀ ਵਿਧਾਇਕਾਂ ਦੇ ਹੰਗਾਮੇ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਸੈਸ਼ਨ ਦੀ ਮਿਆਦ 5 ਦਿਨ ਵਧਾਉਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ। ਸਾਬਕਾ ਮੁੱਖ ਮੰਤਰੀ ਇਬੋਬੀ ਸਿੰਘ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਕਿਹਾ ਕਿ ਸੂਬੇ ਵਿਚ ਨਸਲੀ ਹਿੰਸਾ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕਰਨ ਲਈ ਇੱਕ ਦਿਨ ਕਾਫ਼ੀ ਨਹੀਂ ਹੈ। ਕੁੱਕੀ ਭਾਈਚਾਰੇ ਦੇ ਸਾਰੇ 10 ਵਿਧਾਇਕ ਹਾਊਸ ਤੋਂ ਗੈਰਹਾਜ਼ਰ ਰਹੇ। ਜਦੋਂ ਹਾਊਸ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਤਾਂ 3 ਮਈ ਨੂੰ ਸੂਬੇ ਵਿੱਚ ਮੇਈਟੀ ਅਤੇ ਕੂਕੀ ਭਾਈਚਾਰਿਆਂ ਦਰਮਿਆਨ ਹੋਈ ਨਸਲੀ ਹਿੰਸਾ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਇਹ ਵੀ ਪੜ੍ਹੋ : 2 ਸਾਲ ਦੇ ਪਿਆਰ ਨੂੰ ਲੱਗਿਆ 'ਗ੍ਰਹਿਣ', ਪ੍ਰੇਮੀ ਨੇ ਲਿਵ-ਇਨ-ਪਾਰਟਨਰ ਦਾ ਪ੍ਰੈਸ਼ਰ ਕੁੱਕਰ ਨਾਲ ਕੀਤਾ ਕਤਲ
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਕਿਹਾ ਕਿ ਡੂੰਘੇ ਦੁੱਖ ਨਾਲ ਅਸੀਂ ਹਿੰਸਾ ਵਿੱਚ ਹੋਏ ਜਾਨੀ ਨੁਕਸਾਨ ਉੱਤੇ ਸੋਗ ਪ੍ਰਗਟ ਕਰਦੇ ਹਾਂ। ਇਸ ਸਮੇਂ ਹਿੰਸਾ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਲਈ ਸ਼ਬਦ ਕਾਫ਼ੀ ਨਹੀਂ ਹਨ। ਹਾਊਸ ਨੇ ਇਕ ਮਤੇ ’ਚ ਕਿਹਾ ਕਿ ਸੂਬੇ ਵਿੱਚ ਫਿਰਕੂ ਸਦਭਾਵਨਾ ਲਈ ਸਾਰੇ ਮਤਭੇਦਾਂ ਨੂੰ ਗੱਲਬਾਤ ਅਤੇ ਸ਼ਾਂਤਮਈ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਹਾਊਸ ਨੇ ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ’ਤੇ ਸਫਲ ਲੈਂਡਿੰਗ ਦੀ ਸ਼ਲਾਘਾ ਕੀਤੀ ਅਤੇ ਮਣੀਪੁਰ ਦੇ ਇੱਕ ਵਿਗਿਆਨੀ ਐੱਨ. ਰਘੂ ਸਿੰਘ ਨੂੰ ਵਧਾਈ ਦਿੱਤੀ, ਜੋ ਇਸ ਮਿਸ਼ਨ ਦੀ ਅਗਵਾਈ ਕਰਨ ਵਾਲੀ ਭਾਰਤੀ ਪੁਲਾੜ ਅਤੇ ਖੋਜ ਸੰਗਠਨ (ਇਸਰੋ) ਟੀਮ ਦਾ ਹਿੱਸਾ ਸਨ। ਇਸ ਤੋਂ ਤੁਰੰਤ ਬਾਅਦ ਕਾਂਗਰਸੀ ਵਿਧਾਇਕਾਂ ਨੇ ਆਪਣੀਆਂ ਸੀਟਾਂ ਤੋਂ ‘ਮਜ਼ਾਕ ਬੰਦ ਕਰੋ, ਲੋਕਤੰਤਰ ਬਚਾਓ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਮੰਗ ਕੀਤੀ ਕਿ ਸੂਬੇ ਦੀ ਮੌਜੂਦਾ ਸਥਿਤੀ ’ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਪੰਜ ਦਿਨਾ ਸੈਸ਼ਨ ਬੁਲਾਇਆ ਜਾਵੇ। ਵਿਧਾਨ ਸਭਾ ਦੇ ਸਪੀਕਰ ਟੀ. ਸਤਿਆਬ੍ਰਤ ਸਿੰਘ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸ਼ਾਂਤ ਰਹਿਣ ਅਤੇ ਕਾਰਵਾਈ ਚੱਲਣ ਦੇਣ ਦੀ ਬੇਨਤੀ ਕੀਤੀ ਪਰ ਜਦੋਂ ਹੰਗਾਮਾ ਨਾ ਰੁਕਿਆ ਤਾਂ ਉਨ੍ਹਾਂ ਹਾਊਸ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ। ਅੱਧੇ ਘੰਟੇ ਬਾਅਦ ਜਦੋਂ ਹਾਊਸ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦਾ ਪੰਜ ਦਿਨਾ ਸੈਸ਼ਨ ਬੁਲਾਉਣ ਦੀ ਮੰਗ ਨੂੰ ਦੁਹਰਾਇਆ ਅਤੇ ਇਸ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਸਪੀਕਰ ਨੇ ਕਿਹਾ ਕਿ ਹੰਗਾਮੇ ਕਾਰਨ ਕਾਰਵਾਈ ਨੂੰ ਜਾਰੀ ਰੱਖਣਾ ਸੰਭਵ ਨਹੀਂ। ਇਸ ਤੋਂ ਬਾਅਦ ਉਨ੍ਹਾਂ ਹਾਊਸ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8