ਮਣੀਪੁਰ ’ਚ ਚੋਣਾਂ ਦੌਰਾਨ ਹੋਈ ਹਿੰਸਾ ’ਚ 1 ਦੀ ਮੌਤ, ਇਕ ਜ਼ਖ਼ਮੀ
Saturday, Mar 05, 2022 - 03:21 PM (IST)
ਇੰਫਾਲ– ਮਣੀਪੁਰ ’ਚ ਸ਼ਨੀਵਾਰ ਯਾਨੀ ਅੱਜ ਦੂਜੇ ਅਤੇ ਆਖਰੀ ਪੜਾਅ ’ਚ ਕੁੱਲ 22 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। 6 ਜ਼ਿਲ੍ਹਿਆਂ ਦੀਆਂ ਇਨ੍ਹਾਂ 22 ਸੀਟਾਂ ’ਤੇ ਕੁੱਲ 92 ਉਮੀਦਵਾਰ ਮੈਦਾਨ ’ਚ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਵੋਟਰ ਈ.ਵੀ.ਐੱਮ. ’ਚ ਕੈਦ ਕਰ ਰਹੇ ਹਨ। ਹਾਲਾਂਕਿ, ਇਥੇ ਕਈ ਥਾਵਾਂ ’ਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਰਿਪੋਰਟ ਮੁਤਾਬਕ, ਇਥੇ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ। ਜਾਣਕਾਰੀ ਮੁਤਾਬਕ, ਮ੍ਰਿਤਕ ਬੀ.ਜੇ.ਪੀ. ਦਾ ਵਰਕਰ ਹੈ ਅਤੇ ਉਸਨੂੰ ਕਾਂਗਰਸ ਦੇ ਇਕ ਵਰਕਰ ਨੇ ਗੋਲੀ ਮਾਰੀ ਹੈ। ਪੁਲਸ ਨੇ ਦੱਸਿਆ ਕਿ 25 ਸਾਲ ਦੇ ਐੱਲ ਅਮੁਬਾ ਸਿੰਘ ਦੀ ਸ਼ਨੀਵਾਰ ਨੂੰ ਹਸਪਤਾਲ ’ਚ ਮੌਤ ਹੋ ਗਈ। ਇਸਤੋਂ ਇਲਾਵਾ ਇਥੇ ਇਕ ਮੁਅੱਤਲ ਬੀ.ਜੇ.ਪੀ. ਨੇਤਾ ਦੇ ਘਰ ਅੱਗੇ ਕਰੂਡ ਬੰਬ ਵੀ ਫਟਿਆ ਹੈ।
ਦੱਸ ਦੇਈਏ ਕਿ ਕੋਵਿਡ-19 ਦੇ ਪ੍ਰੋਟੋਕੋਲ ਅਤੇ ਸੁਰੱਖਿਆ ਨਿਯਮਾਂ ਦਾ ਪਾਲਣ ਕਰਦੇ ਹੋਏ ਕੁੱਲ 1247 ਵੋਟਿੰਗ ਕੇਂਦਰ ਬਣਾਏ ਗਏ ਹਨ। ਕਮਿਸ਼ਨ ਨੇ ਇਸ ਪੜਾਅ ਦੀਆਂ ਚੋਣਾਂ ’ਚ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਸੈਂਟਰਲ ਪੈਰਾਮਿਟਰਲੀ ਫੋਰਸਿਜ਼ ਦੇ ਕਰੀਬ 20,000 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਪੜਾਅ ’ਚ ਕੁੱਲ 8.38 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਸੂਬੇ ’ਚ ਪਹਿਲੇ ਪੜਾਅ ਦੀਆਂ ਚੋਣਾਂ ’ਚ 28 ਫਰਵਰੀ ਨੂੰ 38 ਸੀਟਾਂ ’ਤੇ ਵੋਟਿੰਗ ਹੋਈ ਸੀ। ਨਤੀਜੇ 10 ਮਾਰਚ ਨੂੰ ਆਉਣਗੇ।