ਅਮਿਤ ਸ਼ਾਹ ਦੇ ਦੌਰੇ ਦਾ ਅਸਰ: ਮਣੀਪੁਰ ’ਚ ਸੁਧਰ ਰੇਹ ਹਾਲਾਤ, 140 ਹਥਿਆਰ ਕੀਤੇ ਸਰੰਡਰ

Saturday, Jun 03, 2023 - 02:09 PM (IST)

ਇੰਫਾਲ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਕ ਦਿਨ ਪਹਿਲਾਂ ਕੀਤੀ ਗਈ ਅਪੀਲ ਤੋਂ ਬਾਅਦ ਮਣੀਪੁਰ ’ਚ ਵੱਖ-ਵੱਖ ਥਾਵਾਂ ਤੋਂ ਲੋਕਾਂ ਵੱਲੋਂ 140 ਤੋਂ ਵੱਧ ਹਥਿਆਰ ਜਮ੍ਹਾਂ ਕਰਵਾਏ ਗਏ ਹਨ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਿਤ ਸ਼ਾਹ ਨੇ ਮਣੀਪੁਰ ਦੇ ਆਪਣੇ 4 ਦਿਨਾਂ ਦੌਰੇ ਦੇ ਆਖਰੀ ਦਿਨ ਵੀਰਵਾਰ ਨੂੰ ਸਾਰੇ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਹਥਿਆਰ ਸੁਰੱਖਿਆ ਫੋਰਸਾਂ ਅਤੇ ਪ੍ਰਸ਼ਾਸਨ ਨੂੰ ਸੌਂਪ ਦੇਣ। ਸ਼ਾਹ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਸੂਬੇ ’ਚ ਜਲਦੀ ਹੀ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ ਅਤੇ ਕਿਸੇ ਕੋਲ ਕੋਈ ਵੀ ਹਥਿਆਰ ਮਿਲਣ ’ਤੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਇੰਫਾਲ ’ਚ ਗ੍ਰਹਿ ਮੰਤਰੀ ਦੀ ਅਪੀਲ ਤੋਂ ਬਾਅਦ ਸ਼ੁੱਕਰਵਾਰ ਸਵੇਰ ਤੱਕ 140 ਤੋਂ ਜ਼ਿਆਦਾ ਹਥਿਆਰ ਸੌਂਪੇ ਜਾ ਚੁੱਕੇ ਹਨ।

ਸੂਤਰਾਂ ਮੁਤਾਬਕ ਮਣੀਪੁਰ ’ਚ ਜ਼ਿਆਦਾਤਰ ਜ਼ਿਲਿਆਂ ’ਚ ਸਥਿਤੀ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਖਾਲੀ ਘਰਾਂ ’ਚ ਗੋਲੀਆਂ ਚਲਾਉਣ ਜਾਂ ਅੱਗ ਲਾਉਣ ਦੀਆਂ ਘਟਨਾਵਾਂ ਹੁਣ ਬਹੁਤ ਘੱਟ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਤਾਲਮੇਲ ਨਾਲ ਯਤਨ ਕੀਤੇ ਜਾ ਰਹੇ ਹਨ। ਸੌਂਪੇ ਗਏ ਹਥਿਆਰਾਂ ’ਚ ਸਵੈ-ਲੋਡਿੰਗ ਰਾਈਫਲਾਂ, ਕਾਰਬਾਈਨ, ਏ. ਕੇ. ਅਤੇ ਇੰਸਾਸ ਰਾਈਫਲਾਂ, ਲਾਈਟ ਮਸ਼ੀਨ ਗਨ, ਪਿਸਤੌਲ, ਐੱਮ-16 ਰਾਈਫਲਾਂ, ਸਮੋਕ ਗਨ/ਅੱਥਰੂ ਗੈਸ, ਸਟੇਨ ਗਨ ਅਤੇ ਗ੍ਰੇਨੇਡ ਲਾਂਚਰ ਸ਼ਾਮਲ ਹਨ। 3 ਮਈ ਨੂੰ ਮਣੀਪੁਰ ’ਚ ਜਾਤੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਗ੍ਰਹਿ ਮੰਤਰੀ ਨੇ ਪਹਿਲੀ ਵਾਰ ਉੱਤਰ-ਪੂਰਬੀ ਸੂਬੇ ਦਾ ਦੌਰਾ ਕੀਤਾ ਹੈ। ਮਣੀਪੁਰ ’ਚ ‘ਜਨਜਾਤੀ ਏਕਤਾ ਮਾਰਚ’ ਤੋਂ ਬਾਅਦ ਜਾਤੀ ਹਿੰਸਾ ਭੜਕ ਗਈ ਸੀ।

ਅਨੁਸੂਚਿਤ ਜਾਤੀ (ਐੱਸ. ਟੀ.) ਦੇ ਦਰਜੇ ਦੀ ਮੰਗ ਨੂੰ ਲੈ ਕੇ ਮੇਇਤੀ ਭਾਈਚਾਰੇ ਨੇ 3 ਮਈ ਨੂੰ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ‘ਜਨਜਾਤੀ ਏਕਤਾ ਮਾਰਚ’ ਦਾ ਆਯੋਜਨ ਕੀਤਾ ਗਿਆ ਸੀ। ਮਣੀਪੁਰ ਲਗਭਗ ਇਕ ਮਹੀਨੇ ਤੋਂ ਜਾਤੀ ਹਿੰਸਾ ਤੋਂ ਪ੍ਰਭਾਵਿਤ ਹੈ ਅਤੇ ਸੂਬੇ ’ਚ ਇਸ ਦੌਰਾਨ ਝੜਪਾਂ ’ਚ ਵਾਧਾ ਦੇਖਿਆ ਗਿਆ ਹੈ। ਕੁਝ ਹਫ਼ਤਿਆਂ ਦੀ ਖਾਮੋਸ਼ੀ ਤੋਂ ਬਾਅਦ ਪਿਛਲੇ ਐਤਵਾਰ ਨੂੰ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਵੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸੰਘਰਸ਼ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 80 ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਸ਼ੁੱਕਰਵਾਰ ਸਵੇਰ ਤੱਕ ਕਮਿਊਨਿਟੀ ਹਾਲਾਂ ਸਮੇਤ 272 ਰਾਹਤ ਕੈਂਪਾਂ ’ਚ ਲਗਭਗ 37,450 ਲੋਕ ਰਹਿ ਰਹੇ ਹਨ।


Rakesh

Content Editor

Related News