ਮਣੀਪੁਰ 'ਚ ਫ਼ੌਜ 'ਤੇ ਘਾਤ ਲਾ ਕੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ
Thursday, Jul 30, 2020 - 12:38 PM (IST)
ਮਣੀਪੁਰ— ਮਣੀਪੁਰ ਵਿਚ ਫ਼ੌਜ ਦੇ ਜਵਾਨਾਂ 'ਤੇ ਘਾਤ ਲਾ ਕੇ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ ਫ਼ੌਜ ਦੇ 3 ਜਵਾਨ ਸ਼ਹੀਦ ਹੋ ਗਏ, ਜਦਕਿ 6 ਜਵਾਨ ਜ਼ਖਮੀ ਹੋਏ ਹਨ। ਘਟਨਾ ਬੁੱਧਵਾਰ ਰਾਤ ਸਵਾ ਇਕ ਵਜੇ ਦੇ ਕਰੀਬ ਰਾਜਧਾਨੀ ਇੰਫਾਲ ਤੋਂ ਕਰੀਬ 95 ਕਿਲੋਮੀਟਰ ਦੂਰ ਚੰਦੇਲ ਜ਼ਿਲ੍ਹੇ ਵਿਚ ਵਾਪਰੀ। ਇਹ ਇਕ ਪਹਾੜੀ ਇਲਾਕਾ ਹੈ।
ਦੱਸ ਦੇਈਏ ਕਿ ਭਾਰਤ-ਮਿਆਂਮਾਰ ਸਰਹੱਦ 'ਤੇ ਅੱਤਵਾਦੀ ਸਮੂਹਾਂ ਵਿਰੁੱਧ ਆਪਰੇਸ਼ਨ ਦੌਰਾਨ 4 ਅਸਾਮ ਰਾਈਫਲਜ਼ ਦੇ 3 ਜਵਾਨ ਸ਼ਹੀਦ ਹੋ ਗਏ। ਜਵਾਨਾਂ 'ਤੇ ਘਾਤ ਲਾ ਕੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿਚ 6 ਜਵਾਨ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇੰਫਾਲ ਦੇ ਪੱਛਮੀ ਜ਼ਿਲੇ ਦੇ ਆਰਮੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਦਰਅਸਲ 29 ਜੁਲਾਈ ਨੂੰ ਫ਼ੌਜ ਦੀ ਇਕਾਈ ਨੇ ਖੋਂਗਟਲ 'ਚ ਇਕ ਖੇਤਰ 'ਚ ਗਸ਼ਤ ਸ਼ੁਰੂ ਕੀਤੀ ਸੀ, ਜਦੋਂ ਗਸ਼ਤ ਟੀਮ ਵਾਪਸ ਆ ਰਹੀ ਸੀ ਤਾਂ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕੀਤਾ ਅਤੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿਚ 3 ਜਵਾਨ ਸ਼ਹੀਦ ਹੋ ਗਏ ਅਤੇ 6 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀ ਜਵਾਨਾਂ ਨੂੰ ਇੰਫਾਲ ਦੇ ਪੱਛਮੀ ਜ਼ਿਲ੍ਹੇ ਦੇ ਲੀਮਾਖੋਂਗ ਦੇ ਇਕ ਆਰਮੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ।