ਸਿਹਤ ਮੰਤਰੀ ਮਨਸੁਖ ਨੇ ਸਪੂਤਨਿਕ ਵੀ ਦੇ ਉਤਪਾਦਨ ਤੇ ਸਪਲਾਈ ਨੂੰ ਲੈ ਕੇ ਰੈੱਡੀਜ਼ ਲੈਬ ਦੇ ਪ੍ਰਧਾਨ ਨਾਲ ਕੀਤੀ ਬੈਠਕ
Thursday, Aug 05, 2021 - 05:17 PM (IST)
ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਵਿਡ-19 ਟੀਕਾ ਸਪੂਤਨਿਕ ਵੀ ਦੇ ਉਤਪਾਦਨ ਅਤੇ ਸਪਲਾਈ ਨੂੰ ਲੈ ਕੇ ਡਾ. ਰੈੱਡੀਜ਼ ਲੈਬੋਰੇਟਰੀਜ਼ ਦੇ ਪ੍ਰਧਾਨ ਸਤੀਸ਼ ਰੈੱਡੀ ਨਾਲ ਬੈਠਕ ਕੀਤੀ। ਡਾ. ਰੈੱਡੀਜ਼ ਨੇ ਭਾਰਤ ਵਿਚ ਸਪੂਤਨਿਕ ਵੀ ਲਈ ਰੂਸੀ ਪ੍ਰਤੱਖ ਨਿਵੇਸ਼ ਫੰਡ (ਆਰ. ਡੀ. ਆਈ. ਐੱਫ.) ਨਾਲ ਕਰਾਰ ਕੀਤਾ ਹੈ। ਮੰਡਾਵੀਆ ਨੇ ਟਵਿੱਟਰ ’ਤੇ ਲਿਖਿਆ ਕਿ ਡਾ. ਰੈੱਡੀਜ਼ ਲੈਬ ਦੇ ਪ੍ਰਧਾਨ ਡਾ. ਸਤੀਸ਼ ਰੈੱਡੀ ਨਾਲ ਬੈਠਕ ਕੀਤੀ। ਕੋਵਿਡ-19 ਟੀਕਾ ਸਪੂਤਨਿਕ ਵੀ ਦੇ ਉਤਪਾਦਨ ਅਤੇ ਉਸ ਦੀ ਸਪਲਾਈ ’ਤੇ ਚਰਚਾ ਕੀਤੀ।
ਕੰਪਨੀ ਨੇ ਅਪੈ੍ਰਲ 2021 ਵਿਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਹਾਸਲ ਕਰਨ ਮਗਰੋਂ ਮਈ 2021 ਵਿਚ ਭਾਰਤ ’ਚ ਸੀਮਤ ਤੌਰ ’ਤੇ ਟੀਕਾ ਪੇਸ਼ ਕੀਤਾ ਸੀ। ਸਤੰਬਰ 2020 ਵਿਚ ਕੰਪਨੀ ਨੇ ਭਾਰਤ ਵਿਚ ਸਪੂਤਨਿਕ ਵੀ ਦੇ ‘ਕਲੀਨਿਕਲ’ ਪਰੀਖਣ ਅਤੇ ਵੰਡ ਲਈ ਆਰ. ਡੀ. ਆਈ. ਐੱਫ. ਨਾਲ ਸਾਂਝੇਦਾਰੀ ਕੀਤੀ ਸੀ।
ਹੈਦਰਾਬਾਦ ਦੀ ਦਵਾ ਕੰਪਨੀ ਨੇ ਪਹਿਲਾਂ ਹੀ ਕਿਹਾ ਹੈ ਕਿ ਸਥਾਨਕ ਰੂਪ ਨਾਲ ਨਿਰਮਿਤ ਸਪੂਤਨਿਕ ਵੀ ਟੀਕਾ ਸਤੰਬਰ-ਅਕਤੂਬਰ ਤੋਂ ਉਪਲੱਬਧ ਹੋਵੇਗਾ। ਜ਼ਿਕਰਯੋਗ ਹੈ ਕਿ ਆਰ. ਡੀ. ਆਈ. ਐੱਫ. ਨੇ ਸਪੂਤਨਿਕ ਵੀ ਦੇ ਨਿਰਮਾਣ ਲਈ ਡਾ. ਰੈੱਡੀਜ਼ ਸਮੇਤ 6 ਭਾਰਤੀ ਦਵਾਈ ਨਿਰਮਾਤਾਵਾਂ ਨਾਲ ਕਰਾਰ ਕੀਤਾ ਹੈ।