ਮੰਦਰ 'ਚ ਗੁਆਚੀਆਂ ਚੱਪਲਾਂ ਲੱਭਣ ਲਈ ਬੰਦੇ ਨੇ ਲਾਇਆ ਜੁਗਾੜ ! ChatGPT ਨੇ ਮਿੰਟਾਂ 'ਚ ਕੀਤਾ ਕਮਾਲ
Sunday, Aug 16, 2026 - 04:22 PM (IST)
ਨੈਸ਼ਨਲ ਡੈਸਕ : ਅੱਜ ਦੇ ਦੌਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਿੰਨੀ ਪ੍ਰਭਾਵਸ਼ਾਲੀ ਹੋ ਸਕਦੀ ਹੈ, ਇਸ ਦੀ ਇੱਕ ਹੈਰਾਨੀਜਨਕ ਮਿਸਾਲ ਉੱਜੈਨ ਦੇ ਮਹਾਕਾਲ ਮੰਦਰ 'ਚ ਦੇਖਣ ਨੂੰ ਮਿਲੀ। ਇੱਥੇ ਇੱਕ ਸ਼ਰਧਾਲੂ ਨੇ ਹਜ਼ਾਰਾਂ ਜੁੱਤੀਆਂ ਦੇ ਅੰਬਾਰ ਵਿੱਚੋਂ ਆਪਣੀ ਗੁਆਚੀ ਹੋਈ ਚੱਪਲ ਲੱਭਣ ਲਈ ChatGPT ਦੀ ਮਦਦ ਲਈ ਅਤੇ ਸਫ਼ਲਤਾ ਹਾਸਲ ਕੀਤੀ।
ਗੋਆ ਦੇ ਰਹਿਣ ਵਾਲੇ ਸ਼ੁਭਾਂਗ ਬੋਰਕਰ ਨਾਮ ਦੇ ਵਿਅਕਤੀ ਨੇ ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਮੁਤਾਬਕ, ਜਦੋਂ ਸ਼ੁਭਾਂਗ ਮੰਦਰ ਵਿੱਚ ਦਰਸ਼ਨ ਕਰਕੇ ਬਾਹਰ ਆਇਆ, ਤਾਂ ਉੱਥੇ ਲਗਭਗ 1000 ਤੋਂ ਵੱਧ ਜੁੱਤੀਆਂ ਪਈਆਂ ਸਨ। ਇੰਨੇ ਵੱਡੇ ਢੇਰ ਵਿੱਚੋਂ ਆਪਣੀ ਚੱਪਲ ਲੱਭਣਾ ਇੱਕ ਮੁਸ਼ਕਲ ਕੰਮ ਸੀ, ਜਿਸ ਵਿੱਚ ਘੰਟਿਆਂ ਦਾ ਸਮਾਂ ਲੱਗ ਸਕਦਾ ਸੀ।
ਸ਼ੁਭਾਂਗ ਨੇ ਇਸ ਮੁਸ਼ਕਲ ਦਾ ਹੱਲ ਕੱਢਣ ਲਈ ChatGPT ਦੀ ਫੋਟੋ ਸਕੈਨਿੰਗ ਤਕਨੀਕ ਦੀ ਵਰਤੋਂ ਕੀਤੀ। ਉਸ ਨੇ ਜੁੱਤੀਆਂ ਦੇ ਢੇਰ ਤੇ ਆਪਣੀ ਚੱਪਲ ਦੀ ਫੋਟੋ AI ਨੂੰ ਭੇਜੀ ਤੇ ਸਥਿਤੀ ਬਾਰੇ ਜਾਣਕਾਰੀ ਦਿੱਤੀ। AI ਨੇ ਕੁਝ ਸਵਾਲ ਪੁੱਛੇ ਅਤੇ ਆਪਣੀ ਵਿਸ਼ਲੇਸ਼ਣ ਸ਼ਕਤੀ ਰਾਹੀਂ ਮਿੰਟਾਂ ਵਿੱਚ ਹੀ ਉਹ ਚੱਪਲ ਲੱਭ ਲਈ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਹੈਰਾਨ ਹਨ ਅਤੇ AI ਦੇ ਇਸ ਅਨੋਖੇ ਇਸਤੇਮਾਲ ਦੀ ਚਰਚਾ ਕਰ ਰਹੇ ਹਨ। ਜਿੱਥੇ ਕੁਝ ਲੋਕ ਸ਼ੁਭਾਂਗ ਦੇ ਤੇਜ਼ ਦਿਮਾਗ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਕੁਝ ਯੂਜ਼ਰਸ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ AI ਸ਼ਾਇਦ ਇਹ ਦੇਖ ਕੇ ਰੋਂਦਾ ਹੋਵੇਗਾ ਕਿ ਇਨਸਾਨ ਉਸ ਤੋਂ ਕਿਸ ਤਰ੍ਹਾਂ ਦੇ ਕੰਮ ਕਰਵਾ ਰਹੇ ਹਨ। ਇਹ ਟ੍ਰਿਕ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ।
