ਪਤਨੀ ਨਾਲ ਝਗੜੇ ਤੋਂ ਬਾਅਦ ਪਤੀ ਨੇ ਤਿੰਨ ਬੱਚਿਆਂ ਨੂੰ ਦਿੱਤਾ ਜ਼ਹਿਰ, ਇਕ ਦੀ ਮੌਤ
Thursday, Jul 01, 2021 - 12:53 PM (IST)

ਮੁੰਬਈ- ਮੁੰਬਈ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਚੂਹੇ ਮਾਰਨ ਦੀ ਦਵਾਈ ਆਈਸਕ੍ਰੀਮ 'ਚ ਮਿਲਾ ਕੇ ਖੁਆ ਦਿੱਤੀ। ਇਸ 'ਚ ਜੋੜੇ ਦੇ 6 ਸਾਲਾ ਬੱਚੇ ਦੀ ਮੌਤ ਹੋ ਗਈਅਤੇ ਉਸ ਦੇ ਦੋਵੇਂ ਭਰਾ-ਭੈਣ ਹਸਪਤਾਲ 'ਚ ਦਾਖ਼ਲ ਹਨ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ 25 ਜੂਨ ਦੀ ਹੈ ਪਰ ਮੰਗਲਵਾਰ ਨੂੰ ਇਸ ਦਾ ਪਤਾ ਲੱਗਾ, ਜਦੋਂ ਸਰਕਾਰੀ ਹਸਪਤਾਲ 'ਚ ਬੱਚੇ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਇਸ ਬਾਰੇ ਮਾਨਖੁਰਦ ਪੁਲਸ ਨੂੰ ਸੂਚਿਤ ਕੀਤਾ। ਬੱਚਿਆਂ ਦੀ ਮਾਂ ਨਾਜ਼ੀਆ ਬੇਗਮ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਅਲੀ ਨੌਸ਼ਾਦ ਅੰਸਾਰੀ (27) ਦਿਹਾੜੀ 'ਤੇ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਅਤੇ ਉਸ ਦੇ ਪਤੀ ਦਰਮਿਆਨ ਪੈਸਿਆਂ ਨੂੰ ਲੈ ਕੇ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਹੈ।
ਨਾਜ਼ੀਆ ਨੇ ਦੱਸਿਆ ਕਿ 25 ਜੂਨ ਨੂੰ ਵੀ ਉਨ੍ਹਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮਾਨਖੁਰਦ ਦੇ ਸਾਠੇ ਨਗਰ ਸਥਿਤ ਆਪਣੇ ਘਰ ਤੋਂ ਆਪਣੀ ਭੈਣ ਦੇ ਇੱਥੇ ਚੱਲੀ ਗਈ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਅੰਸਾਰੀ ਤਿੰਨੋਂ ਬੱਚਿਆਂ ਨੂੰ ਆਈਸਕ੍ਰੀਮ ਖੁਆਉਣ ਦਾ ਵਾਅਦਾ ਕਰ ਕੇ ਆਪਣੇ ਨਾਲ ਲੈ ਗਿਆ ਅਤੇ ਉਸ ਨੇ ਕਥਿਤ ਤੌਰ 'ਤੇ ਜ਼ਹਿਰ ਖੁਆ ਦਿੱਤਾ। ਇਸ ਵਿਚ ਨਾਜ਼ੀਆ ਆਪਣੇ ਘਰ ਆ ਗਈ। ਬਾਅਦ 'ਚ ਜਦੋਂ ਉਸ ਨੇ ਦੋਵੇਂ ਬੇਟਿਆਂ ਅਤੇ ਇਕ ਧੀ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਤਾਂ ਨਾਜ਼ੀਆ ਉਨ੍ਹਾਂ ਨੂੰ ਲੈ ਕੇ ਹਸਪਤਾਲ ਗਈ। ਜਨਾਨੀ ਨੇ ਦੱਸਿਆ ਕਿ ਸ਼ੁਰੂਆਤ 'ਚ ਉਸ ਨੇ ਡਾਕਟਰਾਂ ਨੂੰ ਝੂਠ ਕਹਿ ਦਿੱਤਾ ਕਿ ਬੱਚਿਆਂ ਨੇ ਗਲਤੀ ਨਾਲ ਚੂਹੇ ਮਾਰਨ ਵਾਲੀ ਦਵਾਈ ਖਾ ਲਈ ਹੈ ਪਰ ਜਦੋਂ ਉਸ ਦੇ ਪੁੱਤਰ ਦੀ ਮੌਤ ਹੋ ਗਈ ਤਾਂ ਉਸ ਨੇ ਪੁਲਸ ਨੂੰ ਸੱਚਾਈ ਦੱਸਣ ਦਾ ਫ਼ੈਸਲਾ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ 'ਚ ਦੋਹਾਂ ਬੱਚਿਆਂ ਦੇ ਬਿਆਨ ਲਏ ਗਏ ਹਨ। ਅੰਸਾਰੀ ਵਿਰੁੱਧ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਉਹ ਹਾਲੇ ਫਰਾਰ ਹੈ।