ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਬੋਨਟ ''ਤੇ 100 ਮੀਟਰ ਘਸੀਟਿਆ, ਸੇਵਾਮੁਕਤ ਨੌਕਰਸ਼ਾਹ ਦਾ ਪੁੱਤਰ ਗ੍ਰਿਫ਼ਤਾਰ
Friday, Feb 11, 2022 - 06:51 PM (IST)
ਨਵੀਂ ਦਿੱਲੀ (ਭਾਸ਼ਾ)- ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ 'ਚ ਇਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰਨ ਅਤੇ ਕਾਰ ਦੀ ਬੋਨਟ 'ਤੇ 100 ਮੀਟਰ ਤੋਂ ਵੱਧ ਦੂਰੀ ਤੱਕ ਘਸੀਟ ਕੇ ਲਿਜਾਉਣ ਦੇ ਮਾਮਲੇ 'ਚ ਸੇਵਾਮੁਕਤ ਨੌਕਰਸ਼ਾਹ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 212 (ਅਪਰਾਧੀ ਨੂੰ ਪਨਾਹ ਦੇਣ) ਦੇ ਅਧੀਨ ਸੇਵਾਮੁਕਤ ਅਧਿਕਾਰੀ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ।
ਘਟਨਾ 'ਚ ਜ਼ਖ਼ਮੀ ਹੋਏ ਵਿਅਕਤੀ, ਆਨੰਦ ਵਿਜੇ ਮੰਡੇਲੀਆ (37) ਦਾ ਮੈਕਸ ਸੁਪਰ ਸਪੈਸ਼ਲਿਏਟੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਹ ਡਾਕਟਰਾਂ ਦੀ ਨਿਗਰਾਨੀ 'ਚ ਹੈ ਪਰ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਕਾਨੂੰਨ ਦਾ ਵਿਦਿਆਰਥੀ ਹੈ, ਜਿਸ ਦੀ ਪਛਾਣ ਰਾਜ ਸੁੰਦਰਮ ਦੇ ਰੂਪ 'ਚ ਕੀਤੀ ਗਈ। ਘਟਨਾ ਨਾਲ ਸੰਬੰਧਤ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਬਨਿਤਾ ਮੇਰੀ ਜੈਕਰ ਨੇ ਕਿਹਾ,''ਸੁੰਦਰਮ ਨੂੰ ਹਰਿਆਣਾ 'ਚ ਗੁਰੂਗ੍ਰਾਮ ਦੇ ਲੀ ਮੈਰੀਡੀਅਨ ਹੋਟਲ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ।'' ਪੁਲਸ ਨੂੰ ਗ੍ਰੇਟਰ ਕੈਲਾਸ਼-1 ਕੋਲ 'ਹਿਟ ਐਂਡ ਰਨ' ਘਟਨਾ ਬਾਰੇ ਮੰਗਲਵਾਰ ਨੂੰ ਸੂਚਨਾ ਮਿਲੀ ਸੀ।