3 ਕਰੋੜ ਦੀ ਡਿਮਾਂਡ...! ਪਤਨੀ ਦੀ ਹੈਰੇਸਮੈਂਟ ਤੋਂ ਦੁਖੀ ਇੰਜੀਨੀਅਰ ਨੇ ਦੱਸੀ ਹੱਡ ਬੀਤੀ ਤੇ ਫਿਰ...
Tuesday, Dec 10, 2024 - 05:11 PM (IST)
ਵੈੱਬ ਡੈਸਕ : ਬੈਂਗਲੁਰੂ 'ਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਯੂਪੀ ਦੇ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ 24 ਪੰਨਿਆਂ ਦਾ ਸੁਸਾਈਡ ਨੋਟ ਵੀ ਛੱਡ ਗਿਆ ਹੈ, ਜਿਸ ਵਿਚ ਉਸ ਨੇ ਆਪਣੀ ਪਤਨੀ ਅਤੇ ਉਸ ਦੇ ਰਿਸ਼ਤੇਦਾਰਾਂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਆਪਣੀ ਪਤਨੀ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਉਸ 'ਤੇ ਕਈ ਕੇਸ ਦਰਜ ਕਰਵਾਏ ਹਨ ਤੇ ਹੁਣ 3 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਅਤੁਲ ਸੁਭਾਸ਼ ਬੈਂਗਲੁਰੂ ਸ਼ਹਿਰ ਵਿੱਚ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) 'ਚ ਡੀਜੀਐਮ ਵਜੋਂ ਕੰਮ ਕਰ ਰਹੇ ਸਨ।
ਬੈਂਗਲੁਰੂ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਜੂਨਾਥ ਲੇਆਉਟ ਖੇਤਰ ਵਿੱਚ ਵਾਪਰੀ, ਜੋ ਮਰਾਠਾਹੱਲੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਯੂਪੀ ਦੇ ਰਹਿਣ ਵਾਲੇ ਅਤੁਲ ਸੁਭਾਸ਼ ਨਾਂ ਦੇ ਵਿਅਕਤੀ ਦਾ ਆਪਣੀ ਪਤਨੀ ਨਾਲ ਸਬੰਧ ਚੰਗੇ ਨਹੀਂ ਚੱਲ ਰਹੇ ਸਨ। ਪਤਨੀ ਨੇ ਉਸ ਦੇ ਖਿਲਾਫ ਯੂਪੀ ਵਿੱਚ ਕੇਸ ਵੀ ਦਰਜ ਕਰਵਾਇਆ ਸੀ।
ਪੱਖੇ ਨਾਲ ਲੈ ਲਿਆ ਫਾਹਾ
ਜਾਣਕਾਰੀ ਮੁਤਾਬਕ 9 ਦਸੰਬਰ ਨੂੰ ਸਵੇਰੇ 6 ਵਜੇ ਪੁਲਸ ਨੂੰ ਫੋਨ ਆਇਆ, ਜਿਸ 'ਚ ਖੁਦਕੁਸ਼ੀ ਕਰਨ ਦੀ ਜਾਣਕਾਰੀ ਦਿੱਤੀ ਗਈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਘਰ ਅੰਦਰੋਂ ਬੰਦ ਸੀ। ਜਦੋਂ ਸਥਾਨਕ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਪਤਾ ਲੱਗਾ ਕਿ 34 ਸਾਲਾ ਅਤੁਲ ਸੁਭਾਸ਼ ਨੇ ਬੈੱਡਰੂਮ ਵਿਚ ਛੱਤ ਵਾਲੇ ਪੱਖੇ ਨਾਲ ਨਾਈਲੋਨ ਦੀ ਰੱਸੀ ਨਾਲ ਫਾਹਾ ਲੈ ਲਿਆ ਸੀ।
ਕੀ ਦੱਸਿਆ ਮ੍ਰਿਤਕ ਦੇ ਭਰਾ ਨੇ?
ਇਸ ਘਟਨਾ ਦੀ ਸੂਚਨਾ ਯੂਪੀ 'ਚ ਰਹਿੰਦੇ ਉਸ ਦੇ ਪਰਿਵਾਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦਾ ਭਰਾ ਵਿਕਾਸ ਕੁਮਾਰ ਮੌਕੇ 'ਤੇ ਪਹੁੰਚ ਗਿਆ। ਵਿਕਾਸ ਕੁਮਾਰ ਨੇ ਦੱਸਿਆ ਕਿ ਅਤੁਲ ਦੀ ਪਤਨੀ, ਉਸਦੀ ਮਾਂ, ਉਸਦੇ ਭਰਾ ਅਤੇ ਉਸਦੇ ਚਾਚੇ ਨੇ ਉਸਨੂੰ ਝੂਠੇ ਕੇਸਾਂ ਵਿੱਚ ਫਸਾਇਆ ਸੀ ਅਤੇ ਇਹਨਾਂ ਕੇਸਾਂ ਲਈ 3 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਕਾਰਨ ਅਤੁਲ ਸੁਭਾਸ਼ ਕਾਫੀ ਪਰੇਸ਼ਾਨ ਹੋ ਗਿਆ, ਜਿਸ ਕਾਰਨ ਉਸ ਨੇ ਆਪਣੀ ਜਾਨ ਲੈ ਲਈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਰਾਠਾਹੱਲੀ ਸਟੇਸ਼ਨ 'ਤੇ ਬੀਐੱਨਐੱਸ ਐਕਟ ਦੀ ਧਾਰਾ 108 ਅਤੇ 3(5) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।
ਪੁਲਸ ਨੇ ਕੀ ਦੱਸਿਆ?
ਅਧਿਕਾਰੀ ਨੇ ਦੱਸਿਆ ਕਿ ਉਸ ਨੇ ਈਮੇਲ ਰਾਹੀਂ ਕਈ ਲੋਕਾਂ ਨੂੰ ਆਪਣਾ ਸੁਸਾਈਡ ਨੋਟ ਵੀ ਭੇਜਿਆ ਸੀ ਅਤੇ ਉਸ ਨੂੰ ਇੱਕ ਐੱਨਜੀਓ ਦੇ ਵਟਸਐਪ ਗਰੁੱਪ ਨਾਲ ਵੀ ਸਾਂਝਾ ਕੀਤਾ ਸੀ ਜਿਸ ਨਾਲ ਉਹ ਜੁੜਿਆ ਹੋਇਆ ਸੀ। ਉਸ ਨੇ ਮੈਸੇਜ 'ਚ ਲਿਖਿਆ, "ਸਰ, ਇਹ ਸੰਦੇਸ਼ ਅਲਵਿਦਾ ਕਹਿਣ ਦਾ ਹੈ। ਹੋ ਸਕੇ ਤਾਂ ਮੇਰੇ ਪਰਿਵਾਰ ਦੀ ਮਦਦ ਕਰੋ। ਹੁਣ ਤੱਕ ਤੁਹਾਡੇ ਸਹਿਯੋਗ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।" ਇਸ ਵਿੱਚ ਉਸ ਨੇ ਆਪਣੇ ਵੱਲੋਂ ਬਣਾਏ ਵੀਡੀਓ ਅਤੇ ਸੁਸਾਈਡ ਨੋਟ ਦਾ ਲਿੰਕ ਵੀ ਭੇਜਿਆ ਸੀ।
ਪੁਲਸ ਮੁਤਾਬਕ ਸੁਭਾਸ਼ ਨੇ ਆਪਣੇ ਘਰ 'ਚ ਇਕ ਤਖਤੀ ਟੰਗੀ ਹੋਈ ਸੀ, ਜਿਸ 'ਤੇ ਲਿਖਿਆ ਸੀ, 'ਇਨਸਾਫ ਮਿਲਣਾ ਬਾਕੀ ਹੈ।' ਆਤਮਹੱਤਿਆ ਕਰਨ ਤੋਂ ਪਹਿਲਾਂ ਅਤੁਲ ਸੁਭਾਸ਼ ਨੇ ਅਲਮਾਰੀ 'ਤੇ ਅਹਿਮ ਵੇਰਵੇ ਚਿਪਕਾਏ ਸਨ। ਜਿਸ ਵਿੱਚ ਸੁਸਾਈਡ ਨੋਟ, ਕਾਰ ਦੀਆਂ ਚਾਬੀਆਂ ਅਤੇ ਉਸ ਵੱਲੋਂ ਕੀਤੇ ਗਏ ਸਾਰੇ ਕੰਮਾਂ ਦੀ ਜਾਣਕਾਰੀ ਸੀ, ਜੋ ਕਿ ਅਜੇ ਬਾਕੀ ਹਨ।