ਗੂਗਲ ਦੇ ਦਫਤਰ ਨੂੰ ਉਡਾਉਣ ਦੀ ਧਮਕੀ ਦੇਣ ਦਾ ਦੋਸ਼ੀ ਗ੍ਰਿਫਤਾਰ
Tuesday, Feb 14, 2023 - 01:35 PM (IST)
ਪੁਣੇ, (ਭਾਸ਼ਾ)– ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਗੂਗਲ ਕੰਪਨੀ ਦੇ ਦਫਤਰ ਨੂੰ ਇਸ ਦੇ ਕੰਪਲੈਕਸ ਵਿਚ ਇਕ ਬੰਬ ਹੋਣ ਸੰਬੰਧੀ ਇਕ ਕਾਲ ਆਉਣ ਤੋਂ ਬਾਅਦ ਕੁਝ ਸਮੇਂ ਲਈ ਅਲਰਟ ’ਤੇ ਰੱਖਿਆ ਗਿਆ। ਇਹ ਜਾਣਕਾਰੀ ਪੁਲਸ ਨੇ ਸੋਮਵਾਰ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿਚ ਕਾਲ ਕਰਨ ਵਾਲੇ ਵਿਅਕਤੀ ਦੇ ਹੈਦਰਾਬਾਦ ਵਿਚ ਹੋਣ ਦਾ ਪਤਾ ਲੱਗਾ ਅਤੇ ਉਸ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਗਿਆ।
ਡੀ. ਸੀ. ਪੀ. (ਜ਼ੋਨ 5) ਵਿਕ੍ਰਾਂਤ ਦੇਸ਼ਮੁਖ ਨੇ ਕਿਹਾ ਕਿ ਪੁਣੇ ਦੇ ਮੁੰਢਵਾ ਇਲਾਕੇ ਵਿਚ ਇਕ ਬਹੁ-ਮੰਜ਼ਿਲਾ ਕਾਰੋਬਾਰੀ ਇਮਾਰਤ ਦੀ 11ਵੀਂ ਮੰਜ਼ਿਲ ਸਥਿਤ ਦਫਤਰ ਵਿਚ ਐਤਵਾਰ ਦੇਰ ਰਾਤ ਫੋਨ ਆਇਆ ਕਿ ਦਫਤਰ ਕੰਪਲੈਕਸ ਵਿਚ ਇਕ ਬੰਬ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਣੇ ਪੁਲਸ ਅਤੇ ਬੰਬ ਰੋਕੂ ਦਸਤਾ ਮੌਕੇ ’ਤੇ ਪੁੱਜਾ ਅਤੇ ਤਲਾਸ਼ੀ ਲਈ। ਅਧਿਕਾਰੀ ਨੇ ਕਿਹਾ ਕਿ ਬਾਅਦ ਵਿਚ ਕਾਲ ਝੂਠੀ ਨਿਕਲੀ। ਕਾਲ ਕਰਨ ਵਾਲੇ ਨੂੰ ਫੜ੍ਹ ਲਿਆ ਗਿਆ। ਉਸ ਨੇ ਸ਼ਰਾਬ ਦੇ ਨਸ਼ੇ ਵਿਚ ਫੋਨ ਕੀਤਾ ਸੀ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।