ਕਰਨਾਟਕ ਦੇ ਮੁੱਖ ਮੰਤਰੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ''ਤੇ ਵਿਅਕਤੀ ਗ੍ਰਿਫਤਾਰ
Sunday, Aug 05, 2018 - 07:45 PM (IST)
ਮੰਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਖਿਲਾਫ ਸੋਸ਼ਲ ਮੀਡੀਆ ਮੰਚ 'ਇੰਸਟਾਗ੍ਰਾਮ' 'ਤੇ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ 24 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਬੰਟਵਾਲ ਨਿਵਾਸੀ ਪ੍ਰਸ਼ਾਂਤ ਪੁਜਾਰੀ (24) ਨੂੰ ਬੀਤੇ ਦਿਨ ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਅਧਿਕਾਰੀਆਂ ਨੇ ਘਟਨਾ 'ਤੇ ਨੋਟਿਸ ਲੈਂਦਿਆਂ ਗ੍ਰਿਫਤਾਰ ਕਰ ਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਤੁਲੂ ਭਾਸ਼ਾ 'ਚ ਇੰਸਟਾਗ੍ਰਾਮ 'ਤੇ ਕੁਮਾਰਸਵਾਮੀ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ। ਪੁਲਸ ਦੇ ਡਿਪਟੀ ਕਮਿਸ਼ਨਰ ਵਲੋਂ ਮੰਗਲੁਰੂ ਦੇ ਪੂਰਬੀ ਥਾਣੇ ਨੂੰ ਭੇਜੇ ਗਏ ਇਕ ਪੱਤਰ ਦੇ ਆਧਾਰ 'ਤੇ ਵੀਰਵਾਰ ਨੂੰ ਇਸ ਸਿਲਸਿਲੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਪੋਸਟ 'ਚ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜੋ ਕਿ ਫਿਰਕੂ ਭਾਵਨਾਵਾਂ ਨੂੰ ਭੜਕਾ ਸਕਦੇ ਹਨ ਤੇ ਇਸ ਨਾਲ ਲੋਕ ਵਿਵਸਥਾ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਜਾਰੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 153 ਏ (ਵੱਖ-ਵੱਖ ਸਮੂਹਾਂ ਦੇ ਵਿਚਾਲੇ ਵੈਰ ਵਧਾਉਣਾ) ਲਗਾਈ ਗਈ ਹੈ।
