ਪੱਛਮੀ ਬੰਗਾਲ : ਨਗਰ ਨਿਗਮ ਚੋਣਾਂ 'ਚ ਜਿੱਤ ਲਈ ਮਮਤਾ ਬੈਨਰਜੀ ਨੇ ਲੋਕਾਂ ਦਾ ਕੀਤਾ ਧੰਨਵਾਦ
Monday, Feb 14, 2022 - 12:55 PM (IST)
 
            
            ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਪੱਖ 'ਚ ਵੋਟ ਦੇਣ ਲਈ ਸੋਮਵਾਰ ਨੂੰ ਲੋਕਾਂ ਦਾ ਆਭਾਰ ਜਤਾਇਆ। ਟੀ.ਐੱਮ.ਸੀ. ਚਾਰੇ ਨਗਰ ਨਿਗਮਾਂ ਬਿਧਾਨਨਗਰ, ਸਿਲੀਗੁੜੀ, ਚੰਦਰਨਰ ਅਤੇ ਆਸਨਸੋਲ 'ਚ ਜਿੱਤ ਦਰਜ ਕੀਤੀ। ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲੱਬਧ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਟੀ.ਐੱਮ.ਸੀ. ਨੇ 41 'ਚੋਂ 39 ਸੀਟਾਂ 'ਤੇ ਜਿੱਤ ਦਰਜ ਕਰਦੇ ਹੋਏ ਬਿਧਾਨਗਰ ਨਗਰ ਨਿਗਮ 'ਤੇ ਮੁੜ ਕਬਜ਼ਾ ਜਮਾ ਲਿਆ ਹੈ, ਜਦੋਂ ਕਿ ਵਿਰੋਧੀ ਦਲ ਭਾਜਪਾ ਅਤੇ ਮਾਰਕਸਵਾਦੀ ਪਾਰਟੀ (ਮਾਕਪਾ) ਇੱਥੇ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ। ਕਾਂਗਰਸ ਨੇ ਇਕ ਸੀਟ 'ਤੇ ਜਿੱਤ ਦਰਜ ਕੀਤੀ ਅਤੇ ਆਜ਼ਾਦ ਉਮੀਦਵਾਰ ਇਕ ਵਾਰਡ 'ਚ ਜਿੱਤਿਆ ਹੈ। ਨਗਰ ਨਿਗਮ ਚੋਣਾਂ 12 ਫਰਵਰੀ ਨੂੰ ਹੋਈਆਂ ਸਨ। ਬੈਨਰਜੀ ਨੇ ਇਹ ਵੀ ਕਿਹਾ ਕਿ ਸੂਬੇ ਦਾ ਪ੍ਰਸ਼ਾਸਨ ਆਮ ਲੋਕਾਂ ਦੇ ਹਿੱਤ 'ਚ ਕੰਮ ਕਰਦਾ ਰਹੇਗਾ। ਸਮਾਜਵਾਦੀ ਪਾਰਟੀ (ਸਪਾ) ਲਈ ਪ੍ਰਚਾਰ ਕਰਨ ਪਿਛਲੇ ਹਫ਼ਤੇ ਉੱਰ ਪ੍ਰਦੇਸ਼ ਗਈ ਟੀ.ਐੱਮ.ਸੀ. ਸੁਪਰੀਮੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਉਸ ਸੂਬੇ 'ਚ ਚੋਣਾਂ ਨਹੀਂ ਲੜਨ ਦਾ ਫ਼ੈਸਲਾ ਕੀਤਾ ਹੈ। ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ,''ਟੀ.ਐੱਮ.ਸੀ. ਨੇ ਉੱਤਰ ਪ੍ਰਦੇਸ਼ 'ਚ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਅਖਿਲੇਸ਼ ਯਾਦਵ (ਸਪਾ ਮੁਖੀ) ਕਿਸੇ ਵੀ ਸੀਟ 'ਤੇ ਕਮਜ਼ੋਰ ਪੈਣ। ਚੋਣਾਂ ਦੇ ਪਹਿਲੇ ਗੇੜ 'ਚ ਮੈਨੂੰ ਉਮੀਦ ਹੈ ਕਿ ਅਖਿਲੇਸ਼ ਦੀ ਪਾਰਟੀ 57 'ਚੋਂ 37 ਸੀਟਾਂ 'ਤੇ ਜਿੱਤ ਦਰਜ ਕਰੇਗੀ।''
ਮਮਤਾ ਨੇ ਇਹ ਵੀ ਕਿਹਾ ਕਿ ਉਹ ਵਾਰਾਣਸੀ 'ਚ ਰੈਲੀ ਕਰਨ ਲਈ 3 ਮਾਰਚ ਨੂੰ ਉੱਤਰ ਪ੍ਰਦੇਸ਼ ਜਾਵੇਗੀ। ਕਾਂਗਰਸ ਦੀ ਆਲੋਚਨਾ ਕਰਦੇ ਹੋਏ ਬੈਨਰਜੀ ਨੇ ਦਾਅਵਾ ਕੀਤਾ ਕਿ ਕਿਸੇ ਵੀ ਖੇਤਰੀ ਦਲ ਦੇ ਕਾਂਗਰਸ ਨਾਲ ਚੰਗੇ ਸੰਬੰਧ ਨਹੀਂ ਹਨ। ਉਨ੍ਹਾਂ ਕਿਹਾ,''ਕਾਂਗਰਸ ਆਪਣੇ ਰਸਤੇ ਚੱਲ ਸਕਦੀ ਹੈ, ਅਸੀਂ ਆਪਣੇ ਰਸਤੇ 'ਤੇ ਚਾਂਗੇ।'' ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਦੇ ਸੰਵਿਧਾਨ ਨੂੰ ਨਸ਼ਟ ਕਰ ਦਿੱਤਾ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ.ਆਰ. ਨਾਲ ਗੱਲ ਕੀਤੀ ਹੈ ਅਤੇ ਇਕੱਠੇ ਮਿਲ ਕੇ ਅਸੀਂ ਸੰਘੀਏ ਢਾਂਚੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            