ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਪੱਛਮੀ ਬੰਗਾਲ 'ਚ ਹੁਣ ਤੱਕ 80 ਲੋਕਾਂ ਦੀ ਮੌਤ

Friday, May 22, 2020 - 12:20 PM (IST)

ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਪੱਛਮੀ ਬੰਗਾਲ 'ਚ ਹੁਣ ਤੱਕ 80 ਲੋਕਾਂ ਦੀ ਮੌਤ

ਕੋਲਕਾਤਾ-ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਪੱਛਮੀ ਬੰਗਾਲ 'ਚ ਭਾਰੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਤੂਫਾਨ ਦੀ ਮਚਾਈ ਤਬਾਹੀ ਦਾ ਜਾਇਜ਼ਾ ਲੈਣ ਲਈ ਅੱਜ ਪੱਛਮੀ ਬੰਗਾਲ ਪਹੁੰਚੇ ਹਨ। ਇਸ ਤੋਂ ਪਹਿਲਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਹੋਇਆ ਸੂਬੇ ਦਾ ਹਾਲ ਦੱਸਿਆ। ਮਮਤਾ ਬੈਨਰਜੀ ਨੇ ਦੱਸਿਆ ਕਿ ਅਸੀਂ ਇੱਕਠੇ 3 ਸੰਕਟਾਂ ਨੂੰ ਝੱਲ ਰਹੇ ਹਾਂ। ਸੂਬੇ 'ਚ ਕਾਫੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ 'ਚ ਸਮਾਂ ਲੱਗੇਗਾ। ਅੱਜ ਸਵੇਰ ਤੱਕ ਸੂਬੇ 'ਚ ਇਸ ਤੂਫਾਨ ਦੇ ਕਾਰਨ ਮੌਤਾਂ ਦਾ ਅੰਕੜਾ 80 ਤੱਕ ਪਹੁੰਚ ਗਿਆ ਹੈ। 

PunjabKesari

ਰਾਹਤ ਬਚਾਅ ਕਾਰਜ ਦੀ ਜਾਣਕਾਰੀ ਦਿੰਦੇ ਹੋਏ ਮਮਤਾ ਬੈਨਰਜੀ ਨੇ ਦੱਸਿਆ ਕਿ ਅਸੀਂ ਲਗਭਗ 6 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਹੈ ਪਰ ਤੂਫਾਨ ਦਾ ਅਸਰ ਕੋਲਕਾਤਾ ਤੋਂ ਨਾਦੀਆ ਤੱਕ ਦੇਖਣ ਨੂੰ ਮਿਲਿਆ ਹੈ। ਮਮਤਾ ਨੇ ਦੱਸਿਆ ਕਿ ਖੇਤਰ ਦੇ ਲਗਭਗ 60 ਫੀਸਦੀ ਲੋਕ ਪ੍ਰਭਾਵਿਤ ਹੋਏ ਹਨ। ਨੁਕਸਾਨ ਦਾ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਿਲ ਹੈ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਅਮਫਾਨ ਤੂਫਾਨ ਨੇ ਦਸਤਕ ਦਿੱਤੀ ਸੀ। 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲਾ ਅਮਫਾਨ ਤੂਫਾਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਭਾਰੀ ਤਬਾਹੀ ਮਚਾਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ 'ਚ 283 ਸਾਲ ਬਾਅਦ ਅਜਿਹਾ ਭਿਆਨਕ ਤੂਫਾਨ ਆਇਆ ਹੈ। ਇਸ ਤੂਫਾਨ ਕਾਰਨ ਕੋਲਕਾਤਾ ਸਮੇਤ ਕਈ ਸ਼ਹਿਰਾਂ 'ਚ ਰੁੱਖਾਂ ਤੋਂ ਲੈ ਕੇ ਘਰ, ਬਿਜਲੀ ਦੇ ਖੰਭੇ, ਵਾਹਨਾਂ ਕਾਫੀ ਬਰਬਾਦ ਹੋਏ ਹਨ। ਇਕ ਅੰਦਾਜ਼ੇ ਮੁਤਾਬਕ ਤੂਫਾਨ ਨਾਲ ਸੂਬੇ 'ਚ ਇਕ ਲੱਖ ਕਰੋੜ ਰੁਪਏ ਤੋਂ ਵੀ ਜਿਆਦਾ ਨੁਕਸਾਨ ਹੋਇਆ ਹੈ।


author

Iqbalkaur

Content Editor

Related News