ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV 'ਚ ਕੈਦ ਤਸਵੀਰਾਂ

Tuesday, Sep 08, 2026 - 10:59 AM (IST)

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV 'ਚ ਕੈਦ ਤਸਵੀਰਾਂ

ਤਰਨਤਾਰਨ (ਰਮਨ)- ਜ਼ਿਲੇ ਦੇ ਪੱਟੀ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ’ਚ ਮੌਜੂਦ ਵੱਖ-ਵੱਖ ਰਸੂਖਦਾਰ ਲੋਕਾਂ, ਸਿਆਸੀ ਆਗੂਆਂ, ਹਸਪਤਾਲ ਤੋਂ ਇਲਾਵਾ ਸਕੂਲ ਮਾਲਕਾਂ ਨੂੰ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਫਿਰੌਤੀ ਦੀਆਂ ਧਮਕੀਆਂ ਦੇ ਚੱਲਦਿਆਂ ਉਨ੍ਹਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ। ਇਸ ਫਿਰੌਤੀ ਦੇ ਚੱਲਦਿਆਂ ਜਿੱਥੇ ਕਾਰੋਬਾਰੀਆਂ ਵਿਚ ਕਾਫੀ ਜ਼ਿਆਦਾ ਸਹਿਮ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਇਨ੍ਹਾਂ ਦੇ ਕਾਰੋਬਾਰ ਉਪਰ ਵੀ ਮਾੜਾ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਦੇਖੇ ਗਏ ਸ਼ੱਕੀ ਡਰੋਨਾਂ ਨੂੰ ਲੈ ਕੇ ਵੱਡਾ ਖੁਲਾਸਾ

ਸੋਮਵਾਰ ਸਵੇਰੇ ਪੱਟੀ ਸ਼ਹਿਰ ਦੇ ਨਾਲ ਸਬੰਧਤ ਇਕ ਨਿੱਜੀ ਸਕੂਲ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਵਿਅਕਤੀ ਫਾਇਰਿੰਗ ਕਰਨ ਲਈ ਪੁੱਜੇ ਸਨ, ਜੋ ਕਿਸੇ ਤਕਨੀਕੀ ਕਾਰਨ ਦੇ ਚੱਲਦਿਆਂ ਆਪਣੇ ਮੱਕਸਦ ਵਿਚ ਕਾਮਯਾਬ ਨਹੀਂ ਹੋ ਸਕੇ, ਜਿਸ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰਾ ਮਾਮਲਾ ਸਕੂਲ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਚੁੱਕਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਨਿੱਜੀ ਸਕੂਲ ਵਿਚ ਬੱਚੇ ਪੜ੍ਹਾਈ ਕਰ ਰਹੇ ਸਨ ਤਾਂ ਇਸ ਦੌਰਾਨ ਗੇਟ ਦੇ ਬਾਹਰ ਮੌਜੂਦ ਚੌਂਕੀਦਾਰ ਵੱਲੋਂ ਦੋ ਸ਼ੱਕੀ ਵਿਅਕਤੀਆਂ ਨੂੰ ਸਕੂਲ ਦੇ ਨਜ਼ਦੀਕ ਆ ਕੇ ਮੋਟਰਸਾਈਕਲ ਹੌਲੀ ਕਰਦੇ ਦੇਖਿਆ ਗਿਆ, ਜਿਨ੍ਹਾਂ ਦੇ ਹੱਥ ਵਿਚ ਪਿਸਤੌਲ ਮੌਜੂਦ ਸੀ ਅਤੇ ਉਨ੍ਹਾਂ ਵੱਲੋਂ ਜਦੋਂ ਸਕੂਲ ਵੱਲ ਕਰਕੇ ਪਿਸਤੌਲ ਦੀ ਮਦਦ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਫਾਇਰ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਸਕੂਲ ਪ੍ਰਬੰਧਕਾਂ ਅਤੇ ਮਾਲਕਾਂ ਵੱਲੋਂ ਤੁਰੰਤ ਥਾਣਾ ਪੱਟੀ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਮੌਕੇ ’ਤੇ ਪੁੱਜਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਵਾਈਲ ਫਲੂ ਦਾ ਵੱਧ ਰਿਹਾ ਕਹਿਰ, ਅੰਮ੍ਰਿਤਸਰ 'ਚ 15 ਮਾਮਲੇ ਪਾਜ਼ੇਟਿਵ, ਮਾਮੂਲੀ ਨਾ ਸਮਝੋ ਇਹ ਲੱਸ਼ਣ

ਬੀਤੇ ਲੰਮੇਂ ਸਮੇਂ ਤੋਂ ਜ਼ਿਲਾ ਤਰਨਤਾਰਨ ਦੇ ਲੋਕ ਵੱਖ-ਵੱਖ ਗੈਂਗਸਟਰਾਂ ਦੇ ਨਿਸ਼ਾਨੇ ਉਪਰ ਰਹਿ ਚੁੱਕੇ ਹਨ ਅਤੇ ਅੱਜ ਵੀ ਉਨ੍ਹਾਂ ਵੱਲੋਂ ਆਪਣਾ ਵੱਖ-ਵੱਖ ਕਾਰੋਬਾਰੀਆਂ ਰਸੂਖਦਾਰ ਲੋਕਾਂ ਉਪਰ ਨਿਸ਼ਾਨਾ ਜਾਰੀ ਰੱਖਿਆ ਜਾ ਰਿਹਾ ਹੈ। ਇਨ੍ਹਾਂ ਫਿਰੌਤੀ ਦੀਆਂ ਕਾਲਾਂ ਨੇ ਜਿੱਥੇ ਜ਼ਿਲੇ ਭਰ ਵਿਚ ਮੌਜੂਦ ਲੋਕਾਂ ਦਾ ਜੀਣਾ ਮੁਹਾਲ ਕਰਕੇ ਰੱਖ ਦਿੱਤਾ ਹੈ, ਉਥੇ ਹੀ ਇਨ੍ਹਾਂ ਦੇ ਕਾਰੋਬਾਰ ਉਪਰ ਵੀ ਕਾਫੀ ਜ਼ਿਆਦਾ ਮਾੜਾ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ-ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਵੱਡੇ ਭਰਾ ਨੂੰ ਵੀ...

ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਨਿੱਜੀ ਸਕੂਲ ਦੇ ਬਾਹਰ ਦੋ ਸ਼ੱਕੀ ਵਿਅਕਤੀ ਜ਼ਰੂਰ ਪੁੱਜੇ ਸਨ ਪ੍ਰੰਤੂ ਉਨ੍ਹਾਂ ਵੱਲੋਂ ਕੋਈ ਵੀ ਫਾਇਰ ਨਹੀਂ ਕੀਤਾ ਗਿਆ, ਜਿਸ ਦੇ ਸਬੰਧ ਵਿਚ ਪੁਲਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਭਰੋਸਾ ਦਿੱਤਾ ਹੈ ਕਿ ਪੁਲਸ 24 ਘੰਟੇ ਲੋਕਾਂ ਦੀ ਹਿਫਾਜ਼ਤ ਲਈ ਹਾਜ਼ਰ ਹੈ ਅਤੇ ਮਾੜੇ ਅਨਸਰਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News