‘ਦੀਦੀ’ ਦੇ ਨਾਂ ਤੋਂ ਪ੍ਰਸਿੱਧ ਜਾਣੋ ਕੌਣ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
Thursday, Mar 11, 2021 - 04:37 PM (IST)
ਵੈਬ ਡੈਸਕ— ਪੱਛਮੀ ਬੰਗਾਲ, ਜਿੱਥੇ ਇਸ ਸਮੇਂ ਸਿਆਸੀ ਹਲ-ਚਲ ਵੱਧ ਗਈ ਹੈ। ਦਰਅਸਲ 27 ਮਾਰਚ ਤੋਂ 29 ਅਪ੍ਰੈਲ ਤੱਕ ਸੂਬੇ ’ਚ 294 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਹੋਣੀਆਂ ਹਨ, ਜੋ ਕਿ 8 ਪੜਾਵਾਂ ਵਿਚ ਹੋਣਗੀਆਂ। ਪੱਛਮੀ ਬੰਗਾਲ ’ਚ ਆਗਾਮੀ ਚੋਣਾਂ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇੱਥੇ ਕਿਸ ਦੀ ਸਰਕਾਰ ਹੈ। ਇਸ ਸਮੇਂ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦੀ ਸਰਕਾਰ ਹੈ। ਮਮਤਾ ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਹੈ। ਮਮਤਾ ਬੈਨਰਜੀ ਕੌਣ ਨੇ ਅਤੇ ਉਨ੍ਹਾਂ ਦਾ ਸਿਆਸੀ ਸਫ਼ਰ ਕਿਹੋ ਜਿਹਾ ਰਿਹਾ ਹੈ, ਇਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ।
ਮਮਤਾ ਬੈਨਰਜੀ—
ਮਮਤਾ ਬੈਨਰਜੀ ਦਾ ਜਨਮ 5 ਜਨਵਰੀ 1955 ’ਚ ਕੋਲਕਾਤਾ ਦੇ ਇਕ ਮੱਧ ਵਰਗੀ ਪਰਿਵਾਰ ਵਿਚ ਹੋਇਆ। ਕਾਲਜ ’ਚ ਪੜ੍ਹਾਈ ਦੌਰਾਨ ਉਨ੍ਹਾਂ ਨੇ ਸਰਗਰਮ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਨੂੰ ‘ਦੀਦੀ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇਤਿਹਾਸ ’ਚ ਆਨਰਜ਼ ਡਿਗਰੀ, ਇਸਲਾਮੀ ਇਤਿਹਾਸ ਵਿਚ ਮਾਸਟਰ ਡਿਗਰੀ ਦੇ ਨਾਲ-ਨਾਲ ਕਾਨੂੰਨ (ਲਾਅ) ਦੀ ਡਿਗਰੀ ਪ੍ਰਾਪਤ ਕੀਤੀ ਹੈ।
ਮਮਤਾ ਬੈਨਰਜੀ ਦਾ ਵਿਅਕਤੀਤੱਵ—
ਮਮਤਾ ਬੈਨਰਜੀ ਇਕ ਅਸਾਧਾਰਣ ਵਿਅਕਤੀਤੱਵ ਦੀ ਮਹਿਲਾ ਹੈ। ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਹੋਣ ਕਾਰਨ ਉਹ ਸਿੱਧਾ-ਸਾਦਾ ਜੀਵਨ ਬਤੀਤ ਕਰਨ ’ਚ ਵਿਸ਼ਵਾਸ ਰੱਖਦੀ ਹੈ। ਸੂਤੀ ਸਾੜ੍ਹੀ ਅਤੇ ਬਸਤਾ ਮਮਤਾ ਬੈਨਰਜੀ ਦੀ ਪਹਿਚਾਣ ਬਣ ਗਏ ਹਨ। ਮਮਤਾ ਬੈਨਰਜੀ ਕੁਆਰੀ ਹੈ ਅਤੇ ਸਫ਼ਲ ਮਹਿਲਾ ਹੈ।
ਸਿਆਸੀ ਸਫ਼ਰ
ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਪਹਿਲੀ ਮੁੱਖ ਮੰਤਰੀ ਹੈ। ਮਮਤਾ ਨੇ 1970 ਵਿਚ ਇਕ ਯੁਵਾ ਮਹਿਲਾ ਦੇ ਰੂਪ ਵਿਚ ਕਾਂਗਰਸ ਪਾਰਟੀ ਵਿਚ ਆਪਣਾ ਸਿਆਸੀ ਸਫ਼ਰ ਸ਼ੁਰੂਆਤ ਕੀਤੀ। ਕਾਂਗਰਸ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ 1976 ਤੋਂ 1980 ਤੱਕ ਉਹ ਸੂਬਾ ਮਹਿਲਾ ਕਾਂਗਰਸ ਅਤੇ ਅਖਿਲ ਭਾਰਤੀ ਯੁਵਾ ਕਾਂਗਰਸ ਦੇ ਸਕੱਤਰ ਦੇ ਅਹੁਦੇ ’ਤੇ ਰਹੀ। ਸਾਲ 1984 ਵਿਚ ਜਾਧਵਪੁਰ ਤੋਂ ਪਹਿਲੀ ਲੋਕ ਸਭਾ ਚੋਣ ਜਿੱਤੀ। ਉਹ ਸੋਮਨਾਥ ਚੈਟਰਜੀ ਵਰਗੇ ਤਜ਼ਰਬੇਕਾਰ ਮੁਕਾਬਲੇਬਾਜ਼ ਨੂੰ ਹਰਾ ਕੇ ਪਹਿਲੀ ਵਾਰ ਰਾਸ਼ਟਰੀ ਰਾਜਨੀਤੀ ਵਿਚ ਆਈ। ਸਾਲ 1989 ’ਚ ਕਾਂਗਰਸ ਦੀ ਹਾਰ ਹੋਣ ਕਾਰਨ ਮਮਤਾ ਬੈਨਰਜੀ ਨੂੰ ਆਪਣੀ ਸੀਟ ਗੁਆਉਣੀ ਪਈ ਪਰ 1991 ’ਚ ਉਹ ਮੁੜ ਚੋਣ ਮੈਦਾਨ ਵਿਚ ਉੱਤਰੀ ਅਤੇ ਕੋਲਕਾਤਾ ਦੇ ਦੱਖਣੀ ਚੋਣ ਖੇਤਰ ਤੋਂ ਚੋਣ ਜਿੱਤੀ। ਇੰਨਾ ਹੀ ਨਹੀਂ ਇਸ ਸੀਟ ਤੋਂ ਉਹ ਆਗਾਮੀ ਹਰ ਚੋਣ (1996, 1998, 1999, 2004 ਅਤੇ 2009) ’ਚ ਜਿੱਤਦੀ ਆਈ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਣੀ—
1991 ਵਿਚ ਪੀ. ਵੀ. ਨਰਸਿਮ੍ਹਾ ਰਾਵ ਦੇ ਕਾਰਜਕਾਲ ਵਿਚ ਮਮਤਾ ਬੈਨਰਜੀ ਮਨੁੱਖੀ ਸਾਧਨ ਵਿਕਾਸ, ਖੇਡ ਅਤੇ ਯੁਵਾ ਮਾਮਲਿਆਂ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੀ ਰਾਜ ਮੰਤਰੀ ਨਿਯੁਕਤ ਕੀਤੀ ਗਈ। ਕਾਂਗਰਸ ਪਾਰਟੀ ਨਾਲ ਮਤਭੇਦ ਹੋਣ ਤੋਂ ਬਾਅਦ ਮਮਤਾ ਨੇ 1998 ਵਿਚ ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਕੀਤੀ ਅਤੇ ਦੋ ਵਾਰ ਰੇਲ ਮੰਤਰੀ ਬਣੀ।
2011 ’ਚ ਬਣੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ—
ਮਮਤਾ ਬੈਨਰਜੀ ਸਾਲ 2011 ਵਿਚ ਅਤੇ 2016 ’ਚ ਬਹੁਮਤ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਚੁਣੀ ਗਈ। ਹੁਣ 27 ਮਾਰਚ 2021 ’ਚ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਪੱਛਮੀ ਬੰਗਾਲ ’ਚ ਮਮਤਾ ਮੁੜ ਤੋਂ ਸੱਤਾ ’ਤੇ ਕਾਬਜ਼ ਹੋਵੇਗੀ, ਇਹ ਆਪਣੇ-ਆਪ ਵਿਚ ਇਕ ਵੱਡਾ ਸਵਾਲ ਹੈ। ਮਮਤਾ ਬੈਨਰਜੀ ਦੇਸ਼ ਖਾਸ ਤੌਰ ’ਤੇ ਬੰਗਾਲ ਦੇ ਵਿਕਾਸ ਲਈ ਇੰਨੀ ਕੁ ਵਚਨਬੱਧ ਹੈ ਕਿ ਜੇਕਰ ਬਜਟ ਜਾਂ ਕਿਸੇ ਸਰਕਾਰੀ ਯੋਜਨਾ ਵਿਚ ਬੰਗਾਲ ਦਾ ਮਹੱਤਵ ਨਹੀਂ ਦਿੱਤਾ ਜਾਂਦਾ ਤਾਂ ਉਹ ਇਸ ’ਤੇ ਭੜਕ ਜਾਂਦੀ ਹੈ।