ਮਮਤਾ ਬੈਨਰਜੀ ਇਕ ਵਾਰ ਫਿਰ ਚੁਣੀ ਗਈ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ

Wednesday, Feb 02, 2022 - 03:14 PM (IST)

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਨੂੰ ਇਕ ਵਾਰ ਫਿਰ ਬਿਨਾਂ ਕਿਸੇ ਵਿਰੋਧ ਦੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਚੁਣੀ ਗਈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ 5 ਸਾਲ ਦੇ ਵਕਫ਼ੇ ਤੋਂ ਬਾਅਦ ਆਪਣੀਆਂ ਸੰਗਠਨਾਤਮਕ ਚੋਣਾਂ ਕਰਵਾਈਆਂ ਸਨ। ਪਾਰਟੀ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਮੁਤਾਬਕ ਬੈਨਰਜੀ ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਹੋਇਆ ਐਲਾਨ ਕਰ ਦਿੱਤਾ ਗਿਆ, ਕਿਉਂਕਿ ਕਿਸੇ ਹੋਰ ਨੇਤਾ ਨੇ ਆਪਣੀ ਉਮੀਦਵਾਰੀ ਪੇਸ਼ ਨਹੀਂ ਕੀਤੀ ਸੀ।

ਸੰਗਠਨਾਤਮਕ ਚੋਣਾਂ ਦੇ ਚੋਣ ਅਧਿਕਾਰੀ ਚੈਟਰਜੀ ਨੇ ਕਿਹਾ, ‘‘ਮਮਤਾ ਬੈਨਰਜੀ ਦੇ ਪੱਖ ਵਿਚ 48 ਪ੍ਰਸਤਾਵਕਾਂ ਅਤੇ ਸਮਰਥਕਾਂ ਨੇ ਨਾਮਜ਼ਦਗੀ ਦਾਖ਼ਲ ਕੀਤੀ। ਹਾਲਾਂਕਿ ਪ੍ਰਧਾਨ ਅਹੁਦੇ ਲਈ ਹੋਰ ਕਿਸੇ ਨੇ ਨਾਮਜ਼ਦਗੀ ਨਹੀਂ ਭਰੀ ਸੀ। ਮਮਤਾ ਬੈਨਰਜੀ ਨੂੰ ਫਿਰ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣ ਲਿਆ ਗਿਆ ਹੈ।’’

ਮਮਤਾ ਬੈਨਰਜੀ ਨੇ 1998 ’ਚ ਕਾਂਗਰਸ ਤੋਂ ਵੱਖ ਹੋਣ ਮਗਰੋਂ ਪਾਰਟੀ ਦੀ ਸਥਾਪਨਾ ਕੀਤੀ ਸੀ ਅਤੇ ਉਦੋਂ ਤੋਂ ਉਹ ਇਸ ਦੀ ਅਗਵਾਈ ਕਰ ਰਹੀ ਹੈ। ਸਾਲ 2001 ਅਤੇ 2006 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋ ਅਸਫ਼ਲ ਕੋਸ਼ਿਸ਼ਾਂ ਮਗਰੋਂ ਪਾਰਟੀ 2011 ਵਾਮ ਮੋਰਚੇ ਨੂੰ ਮਾਤ ਦੇ ਕੇ ਸੱਤਾ ਵਿਚ ਆਈ। ਪਾਰਟੀ, ਸੂਬਾ ਵਿਧਾਨ ਸਭਾ ਦੀਆਂ 294 ਸੀਟਾਂ ’ਚੋਂ 213 ਸੀਟਾਂ ਹਾਸਲ ਕਰਨ ਮਗਰੋਂ ਪਿਛਲੇ ਸਾਲ ਮਈ ’ਚ ਲਗਾਤਾਰ ਤੀਜੀ ਵਾਰ ਸੱਤਾ ’ਚ ਆਈ ਸੀ।


Tanu

Content Editor

Related News