ਹਮਲੇ ਅਤੇ ਸੱਟਾਂ ਤੋਂ ਮਮਤਾ ਨੂੰ ਮਿਲੇਗਾ ਸਿਆਸੀ ਫ਼ਾਇਦਾ! ਜਾਣੋ ਪਹਿਲੀਆਂ ਚੋਣਾਂ 'ਚ ਕੀ ਰਹੀ ਸਥਿਤੀ
Friday, Mar 12, 2021 - 01:06 PM (IST)
ਕੋਲਕਾਤਾ- ਮਮਤਾ ਬੈਨਰਜੀ ਨੇ ਆਪਣੇ ਕੰਮਾਂ ਨਾਲ ਆਪਣਾ ਅਕਸ ਇਕ ਜੁਝਾਰੂ ਨੇਤਾ ਦੇ ਤੌਰ 'ਤੇ ਬਣਾਇਆ ਹੈ। ਆਪਣੇ 4 ਦਹਾਕਿਆਂ ਦੇ ਸਿਆਸੀ ਕਰੀਅਰ 'ਚ ਭਾਵੇਂ ਉਨ੍ਹਾਂ 'ਤੇ ਹਮਲੇ ਹੋਏ ਹੋਣ ਜਾਂ ਉਹ ਜ਼ਖਮੀ ਹੋਈ ਹੋਵੇ, ਹਰ ਵਾਰ ਮਮਤਾ ਆਪਣੇ ਜਨਤਕ ਜੀਵਨ 'ਚ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆਈ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਜਦੋਂ-ਜਦੋਂ ਉਨ੍ਹਾਂ ਨੇ ਵਾਪਸੀ ਕੀਤੀ ਤਾਂ ਉਹ ਆਪਣੇ ਵਿਰੋਧੀਆਂ 'ਤੇ ਹੋਰ ਮਜ਼ਬੂਤੀ ਨਾਲ ਹਮਲਾਵਰ ਹੋਈ। ਆਪਣੀ ਸਿਆਸੀ ਸਮਝਦਾਰੀ ਅਤੇ ਵਰਕਰਾਂ ਦੇ ਸਮਰਥਨ ਨਾਲ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਸੁਪਰੀਮੋ ਦਾ ਅਕਸ ਇਕ ਨਿਡਰ ਯੋਧਾ ਦੇ ਤੌਰ 'ਤੇ ਬਣੀ ਹੈ।
ਇਹ ਵੀ ਪੜ੍ਹੋ : TMC ਨੇ 291 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਨੰਦੀਗ੍ਰਾਮ ਤੋਂ ਚੋਣ ਲੜੇਗੀ ਮਮਤਾ ਬੈਨਰਜੀ
ਸਾਲ 1990
ਸਾਲ 1990 'ਚ ਮਾਕਪਾ ਦੇ ਇਕ ਨੌਜਵਾਨ ਨੇਤਾ ਨੇ ਉਨ੍ਹਾਂ ਦੇ ਸਿਰ 'ਤੇ ਵਾਰ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪੂਰਾ ਮਹੀਨਾ ਹਸਪਤਾਲ 'ਚ ਬਿਤਾਉਣਾ ਪਿਆ ਸੀ, ਉਦੋਂ ਵੀ ਉਹ ਬੇਹੱਦ ਮਜ਼ਬੂਤ ਨੇਤਾ ਦੇ ਤੌਰ 'ਤੇ ਉਭਰੀ।
ਜੁਲਾਈ 1993
ਜੁਲਾਈ 1993 'ਚ ਬੈਨਰਜੀ ਜਦੋਂ ਨੌਜਵਾਨ ਕਾਂਗਰਸ ਨੇਤਾ ਸੀ, ਉਦੋਂ ਫ਼ੋਟੋ ਵੋਟਰ ਪਛਾਣ ਪੱਤਰ ਦੀ ਮੰਗ ਨੂੰ ਲੈ ਕੇ ਉਸ ਸਮੇਂ ਦੇ ਸਕੱਤਰੇਤ ਰਾਈਟਰਜ਼ ਬਿਲਡਿੰਗ ਵੱਲ ਇਕ ਰੈਲੀ ਦੀ ਅਗਵਾਈ ਕਰਨ ਦੌਰਾਨ ਪੁਲਸ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ। ਰੈਲੀ 'ਚ ਸ਼ਾਮਲ ਪ੍ਰ੍ਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ ਹੋਈ ਸੀ, ਜਿਸ 'ਚ ਪੁਲਸ ਦੀ ਗੋਲੀ ਲੱਗਣ ਨਾਲ ਯੂਥ ਕਾਂਗਰਸ ਦੇ 14 ਵਰਕਰਾਂ ਦੀ ਮੌਤ ਹੋ ਗਈ ਸੀ ਅਤੇ ਪੁਲਸ ਦੀ ਕੁੱਟਮਾਰ ਨਾਲ ਜ਼ਖਮੀ ਬੈਨਰਜੀ ਨੂੰ ਕਈ ਹਫ਼ਤਿਆਂ ਤੱਕ ਹਸਪਤਾਲ 'ਚ ਰਹਿਣਾ ਪਿਆ ਸੀ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਹੋਈ ਜਖ਼ਮੀ, ਕਿਹਾ- ਜਦੋਂ ਕਾਰ 'ਚ ਬੈਠ ਰਹੀ ਸੀ ਉਦੋਂ ਧੱਕਾ ਦਿੱਤਾ ਗਿਆ
ਸਾਲ 2021
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮੌਜੂਦਾ ਸਮੇਂ ਆਪਣੇ ਸਿਆਸੀ ਕਰੀਅਰ ਦੇ ਸਭ ਤੋਂ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਹੀ ਹੈ। ਨੰਦੀਗ੍ਰਾਮ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਬੁੱਧਵਾਰ ਰਾਤ ਉਨ੍ਹਾਂ 'ਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੇ ਪੈਰ 'ਤੇ ਸੱਟ ਲੱਗੀ ਹੈ ਅਤੇ ਉਹ ਹਾਲੇ ਵੀ ਹਸਪਤਾਲ 'ਚ ਦਾਖ਼ਲ ਹੈ। ਬੈਨਰਜੀ ਨੇ ਦੋਸ਼ ਲਗਾਇਆ ਕਿ ਉਸ ਦਿਨ ਉਨ੍ਹਾਂ 'ਤੇ 4-5 ਲੋਕਾਂ ਨੇ ਹਮਲਾ ਕੀਤਾ। ਇਸ ਵਾਰ ਦੀ ਲੜਾਈ ਅਹਿਮ ਹੈ, ਕਿਉਂਕਿ ਮੁੱਖ ਵਿਰੋਧੀ ਪਾਰਟੀ ਦੇ ਰੂਪ 'ਚ ਉੱਭਰੀ ਭਾਜਪਾ ਚੁਣੌਤੀ ਪੇਸ਼ ਕਰ ਰਹੀ ਹੈ ਅਤੇ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਦੇ ਉਨ੍ਹਾਂ ਦੇ ਰਸਤੇ 'ਚ ਰੁਕਾਵਟ ਬਣ ਰਹੀ ਹੈ। ਨੰਦੀਗ੍ਰਾਮ 'ਚ ਉਨ੍ਹਾਂ ਦਾ ਮੁਕਾਬਲਾ ਆਪਣੇ ਸਾਬਕਾ ਸਿਆਸੀ ਸਮਰਥਕ ਅਤੇ ਹੁਣ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨਾਲ ਹੈ। ਉਨ੍ਹਾਂ ਦੇ ਸਿਆਸੀ ਕਰੀਅਰ 'ਚ ਨੰਦੀਗ੍ਰਾਮ ਦੀ ਅਹਿਮ ਭੂਮਿਕਾ ਹੈ, ਕਿਉਂਕਿ 2007 'ਚ ਕਿਸਾਨਾਂ ਦੇ ਜ਼ਮੀਨ ਐਕਵਾਇਰ ਵਿਰੁੱਧ ਇਤਿਹਾਸਕ ਅੰਦੋਲਨ ਅਤੇ ਪੁਲਸ ਨਾਲ ਸੰਘਰਸ਼ ਅਤੇ ਹਿੰਸਾ ਤੋਂ ਬਾਅਦ ਉਹ ਵੱਡੀ ਨੇਤਾ ਦੇ ਤੌਰ 'ਤੇ ਉਭਰੀ ਸੀ।
ਇਹ ਵੀ ਪੜ੍ਹੋ : ‘ਦੀਦੀ’ ਦੇ ਨਾਂ ਤੋਂ ਪ੍ਰਸਿੱਧ ਜਾਣੋ ਕੌਣ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
ਮਮਤਾ ਇਕ ਯੋਧਾ ਹੈ
ਇਸੇ ਅੰਦੋਲਨ ਦੀ ਲਹਿਰ ਨਾਲ ਉਨ੍ਹਾਂ ਨੇ 2011 'ਚ ਖੱਬੇ ਪੱਖੀਆਂ ਦੇ ਸਭ ਤੋਂ ਲੰਬੇ ਸ਼ਾਸਨ ਦਾ ਅੰਤ ਕੀਤਾ ਅਤੇ ਪੱਛਮੀ ਬੰਗਾਲ 'ਚ ਮਾਕਪਾ ਦੀ ਅਗਵਾਈ ਵਾਲੇ ਖੱਬੇ ਮੋਰਚੇ ਦੇ 34 ਸਾਲ ਦੇ ਸ਼ਾਸਨ ਨੂੰ ਉਖਾੜ ਸੁੱਟਿਆ। ਤ੍ਰਿਣਮੂਲ ਨੇਤਾ ਸੌਗਤ ਰਾਏ ਨੇ ਕਿਹਾ,''ਮਮਤਾ ਇਕ ਯੋਧਾ ਹੈ। ਤੁਸੀਂ ਉਨ੍ਹਾਂ 'ਤੇ ਜਿੰਨਾ ਹਮਲਾ ਕਰੋਗੇ, ਉਹ ਓਨੀ ਮਜ਼ਬੂਤੀ ਨਾਲ ਵਾਪਸੀ ਕਰੇਗੀ।''
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ ਹਸਪਤਾਲ ਤੋਂ ਜਾਰੀ ਕੀਤਾ ਵੀਡੀਓ ਸੰਦੇਸ਼, ਕਿਹਾ- ਵ੍ਹੀਲਚੇਅਰ 'ਤੇ ਕਰਾਂਗੀ ਪ੍ਰਚਾਰ
ਭਾਜਪਾ ਨੇ ਕਿਹਾ ਮਮਤਾ ਕਰ ਰਹੀ ਹੈ ਨਾਟਕ
ਭਾਜਪਾ ਨੇ ਬੈਨਰਜੀ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਹਮਦਰਦੀ ਵੋਟ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਛਮੀ ਬੰਗਾਲ 'ਚ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਵੀਰਵਾਰ ਨੂੰ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਦੇਖਣਾ ਜ਼ਰੂਰੀ ਹੈ ਕਿ ਕਿਤੇ ਇਹ ਹਮਦਰਦੀ ਵੋਟ ਇਕੱਠੀ ਕਰਨ ਲਈ 'ਨਾਟਕ' ਤਾਂ ਨਹੀਂ ਹੈ, ਕਿਉਂਕਿ ਸੂਬੇ ਦੇ ਲੋਕ ਪਹਿਲਾਂ ਹੀ ਅਜਿਹੇ ਨਾਟਕ ਦੇਖ ਚੁਕੇ ਹਨ। ਕਾਂਗਰਸ ਨੇ ਵੀ ਨੰਦੀਗ੍ਰਾਮ 'ਚ ਬੈਨਰਜੀ 'ਤੇ ਹਮਲੇ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕੀਤੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਬੁੱਧਵਾਰ ਨੂੰ ਬੈਨਰਜੀ 'ਤੇ ਵਿਧਾਨ ਸਭਾ ਚੋਣਾਂ 'ਚ ਵੋਟ ਲਈ ਹਮਦਰਦੀ ਇਕੱਠੀ ਕਰਨ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਜ਼ਖਮੀ ਹੋਈ ਮਮਤਾ ਬੈਨਰਜੀ ਨੂੰ ਪੈਰ, ਮੋਢੇ ਅਤੇ ਗਲੇ ’ਤੇ ਲੱਗੀਆਂ ਸੱਟਾਂ, 2 ਦਿਨ ਰਹੇਗੀ ਹਸਪਤਾਲ