ਚੋਣ ਕਮਿਸ਼ਨ ਦੀ ਕਾਰਵਾਈ ਖ਼ਿਲਾਫ਼ ਮਮਤਾ ਬੈਨਰਜੀ ਦਾ ਧਰਨਾ ਖਤਮ, ਵ੍ਹੀਲਚੇਅਰ ’ਤੇ ਬੈਠ ਕੇ ਬਣਾਈ ਪੇਂਟਿੰਗ
Tuesday, Apr 13, 2021 - 07:02 PM (IST)
ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਉਹ ਚੋਣ ਪ੍ਰਚਾਰ ਕਰਨ ’ਤੇ 24 ਘੰਟੇ ਲਈ ਪਾਬੰਦੀ ਲਾਉਣ ਦੇ ਚੋਣ ਕਮਿਸ਼ਨ ਦੇ ਅਸੰਵਿਧਾਨਿਕ ਫੈਸਲੇ ਦੇ ਵਿਰੋਧ ’ਚ ਮੰਗਲਵਾਰ ਨੂੰ ਸ਼ਹਿਰ ਦੇ ਵਿਚੋ-ਵਿਚ ਧਰਨੇ ’ਤੇ ਬੈਠ ਗਈ ਸੀ। ਬੈਨਰਜੀ ਪਿਛਲੇ ਮਹੀਨੇ ਜ਼ਖ਼ਮੀ ਹੋਣ ਕਾਰਨ ਵ੍ਹੀਲਚੇਅਰ ’ਤੇ ਬੈਠ ਕੇ ਪਹਿਲਾਂ ਮਾਯੋ ਰੋਡ ਪਹੁੰਚੀ ਤੇ ਉਸ ਨੇ ਕੰਪਲੈਕਸ ’ਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ’ਤੇ ਬੈਠੇ-ਬੈਠੇ ਉਸ ਨੇ ਪੇਂਟਿੰਗ ਵੀ ਬਣਾਈ।
ਤ੍ਰਿਣਮੂਲ ਦੇ ਨੇਤਾ ਨਹੀਂ ਦਿਖੇ ਨੇੜੇ-ਤੇੜੇ
ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਕਿਸੇ ਨੇਤਾ ਜਾਂ ਸਮਰਥਕ ਨੂੰ ਮਮਤਾ ਬੈਨਰਜੀ ਦੇ ਨੇੜੇ ਨਹੀਂ ਦੇਖਿਆ ਗਿਆ। ਇਸ ਸਬੰਧ ’ਚ ਸਵਾਲ ਕਰਨ ’ਤੇ ਤ੍ਰਿਣਮੂਲ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪ੍ਰਦਰਸ਼ਨ ਸਥਾਨ ਦੇ ਨੇੜੇ ਕਿਸੇ ਪਾਰਟੀ ਨੇਤਾ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਉਹ ਉਥੇ ਇਕੱਲੀ ਬੈਠੀ ਸੀ। ਕਮਿਸ਼ਨ ਨੇ ਬੈਨਰਜੀ ਦੇ ਕੇਂਦਰੀ ਬਲਾਂ ਖ਼ਿਲਾਫ਼ ਬਿਆਨਾਂ ’ਤੇ ਕਥਿਤ ਧਾਰਮਿਕ ਪ੍ਰਵਿਰਤੀ ਵਾਲੇ ਇਕ ਬਿਆਨ ਕਾਰਨ 24 ਘੰਟਿਆਂ ਤਕ ਉਸ ਦੇ ਚੋਣ ਪ੍ਰਚਾਰ ਕਰਨ ’ਤੇ ਰੋਕ ਲਾ ਦਿੱਤੀ ਹੈ। ਇਸ ਫੈਸਲੇ ਦੀ ਨਿੰਦਾ ਕਰਦਿਆਂ ਬੈਨਰਜੀ ਨੇ ਕਿਹਾ ਸੀ ਕਿ ਉਹ ਕਮਿਸ਼ਨ ਦੇ ‘ਅਸੰਵਿਧਾਨਿਕ ਤੇ ਅਲੋਕਤੰਤਰਿਕ’ ਫੈਸਲੇ ਖ਼ਿਲਾਫ਼ ਮੰਗਲਵਾਰ ਨੂੰ ਸ਼ਹਿਰ ’ਚ ਧਰਨਾ ਦੇਵੇਗੀ।
ਟਵੀਟ ਕਰ ਕੇ ਦਿੱਤੀ ਸੀ ਧਰਨੇ ’ਤੇ ਬੈਠਣ ਦੀ ਜਾਣਕਾਰੀ
ਬੈਨਰਜੀ ਨੇ ਟਵੀਟ ਕੀਤਾ ਸੀ ਕਿ ਚੋਣ ਕਮਿਸ਼ਨ ਦੇ ‘ਅਲੋਕਤੰਤਰਿਕ ਅਤੇ ਅਸੰਵਿਧਾਨਿਕ’ ਫੈਸਲੇ ਦੇ ਵਿਰੋਧ ’ਚ ਮੈਂ ਕੱਲ (ਮੰਗਲਵਾਰ) ਦਿਨ ਦੇ 12 ਵਜੇ ਤੋਂ ਕੋਲਕਾਤਾ ’ਚ ਗਾਂਧੀ ਜੀ ਦੇ ਬੁੱਤ ਨੇੜੇ ਧਰਨੇ ’ਤੇ ਬੈਠਾਂਗੀ। ਤ੍ਰਿਣਮੂਲ ਮੁਖੀ ਰਾਤ ਅੱਠ ਵਜੇ ਤੋਂ ਬਾਅਦ ਬਾਰਾਸਾਤ ਅਤੇ ਬਿਧਾਨਨਗਰ ’ਚ ਦੋ ਰੈਲੀਆਂ ਨੂੰ ਸੰਬੋਧਨ ਕਰੇਗੀ। ਇਸੇ ਦਰਮਿਆਨ ਇਥੇ ਇਕ ਰੱਖਿਆ ਅਧਿਕਾਰੀ ਨੇ ਕਿਹਾ ਕਿ ਬੈਨਰਜੀ ਜਿਥੇ ਧਰਨਾ ਦੇ ਰਹੀ ਹੈ, ਉਹ ਫੌਜ ਦਾ ਖੇਤਰ ਹੈ ਤੇ ਤ੍ਰਿਣਮੂਲ ਨੂੰ ਇਸ ਪ੍ਰੋਗਰਾਮ ਲਈ ਹੁਣ ਤਕ ਇਜਾਜ਼ਤ ਨਹੀਂ ਮਿਲੀ ਹੈ। ਰੱਖਿਆ ਬੁਲਾਰੇ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਸੂਚਿਤ ਕਰਨ ਲਈ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਐੱਨ. ਓ. ਸੀ. ਲਈ ਤ੍ਰਿਣਮੂਲ ਤੋਂ ਅੱਜ 9 ਵੱਜ ਕੇ 40 ਮਿੰਟ ’ਤੇ ਅਰਜ਼ੀ ਮਿਲੀ। ਇਸ ਨਾਲ ਸਬੰਧਿਤ ਪ੍ਰਕਿਰਿਆ ਅਜੇ ਚੱਲ ਰਹੀ ਹੈ।