ਮੱਲਿਕਾਰਜੁਨ ਖੜਗੇ ਅੱਜ ਸੰਭਾਲਣਗੇ ਕਾਂਗਰਸ ਪ੍ਰਧਾਨ ਦਾ ਅਹੁਦਾ, ਸਾਹਮਣੇ ਹੈ ਚੁਣੌਤੀਆਂ ਦਾ ਪਹਾੜ
Wednesday, Oct 26, 2022 - 10:36 AM (IST)
ਨਵੀਂ ਦਿੱਲੀ- ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਮੱਲਿਕਾਰਜੁਨ ਖੜਗੇ ਅੱਜ ਯਾਨੀ ਕਿ ਬੁੱਧਵਾਰ ਨੂੰ ਅਹੁਦਾ ਸੰਭਾਲਣਗੇ, ਹਾਲਾਂਕਿ ਇਹ ਜ਼ਿੰਮੇਵਾਰੀ ਉਨ੍ਹਾਂ ਲਈ ਚੁਣੌਤੀਆਂ ਦਾ ਪਹਾੜ ਲੈ ਕੇ ਆਉਣ ਵਾਲੀ ਹੈ। ਖੜਗੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੀ ਮੌਜੂਦਗੀ ’ਚ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਅਹੁਦਾ ਸੰਭਾਲਣ ਤੋਂ ਬਾਅਦ ਇਕ ਪਾਸੇ ਜਿੱਥੇ ਰਾਜਸਥਾਨ ਦਾ ਸਿਆਸੀ ਸੰਕਟ ਉਨ੍ਹਾਂ ਦੇ ਸਾਹਮਣੇ ਚੁਣੌਤੀ ਬਣ ਕੇ ਖੜ੍ਹਾ ਹੈ, ਉੱਥੇ ਹੀ ਅਗਲੇ ਕੁਝ ਹਫ਼ਤਿਆਂ ’ਚ ਹੋਣ ਵਾਲੀਆਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਥਰੂਰ ਨੂੰ ਪਛਾੜ ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ, ਮਿਲੀਆਂ 7 ਹਜ਼ਾਰ ਤੋਂ ਵੱਧ ਵੋਟਾਂ
ਇਸ ਦੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਲਈ ਸਭ ਤੋਂ ਵੱਡੀ ਅਗਨੀ ਪ੍ਰੀਖਿਆ ਹੋਣਗੀਆਂ। ਕਰਨਾਟਕ ਦੇ ਅਨੁਸੂਚਿਤ ਜਾਤੀ ਦੇ ਭਾਈਚਾਰੇ ਨਾਲ ਸਬੰਧਤ ਮੱਲਿਕਾਰਜੁਨ ਖੜਗੇ ਨੇ 17 ਅਕਤੂਬਰ ਨੂੰ ਹੋਈਆਂ ਇਤਿਹਾਸਕ ਚੋਣਾਂ ਵਿਚ ਆਪਣੇ ਵਿਰੋਧੀ ਸ਼ਸ਼ੀ ਥਰੂਰ ਨੂੰ ਹਰਾਇਆ ਸੀ। ਪਾਰਟੀ ਦੇ 137 ਸਾਲਾਂ ਦੇ ਇਤਿਹਾਸ ਵਿਚ 6ਵੀਂ ਵਾਰ ਪ੍ਰਧਾਨ ਅਹੁਦੇ ਲਈ ਚੋਣ ਹੋਈ ਸੀ। 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਵਿਅਕਤੀ ਕਾਂਗਰਸ ਦਾ ਪ੍ਰਧਾਨ ਬਣਿਆ ਹੈ। ਖੜਗੇ ਨੂੰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਮੱਲਿਕਾਰਜੁਨ ਖੜਗੇ ਦੇ ਪ੍ਰਧਾਨ ਬਣਨ ਮਗਰੋਂ ਰਾਹੁਲ ਗਾਂਧੀ ਬੋਲੇ- ਮੇਰੀ ਭੂਮਿਕਾ ਪ੍ਰਧਾਨ ਤੈਅ ਕਰਨਗੇ
ਕਾਂਗਰਸ ਲਈ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ’ਚ ਬਿਹਤਰ ਪ੍ਰਦਰਸ਼ਨ ਦੀਆਂ ਉਮੀਦਾਂ ਇਕ ਵੱਡੀ ਚੁਣੌਤੀ ਹੈ ਜਦੋਂ ਕਿ ਰਾਜਸਥਾਨ ਅਤੇ ਕਰਨਾਟਕ ਵਿੱਚ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨੇ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਸਥਿਤੀ ’ਚ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਕਰਨਾ ਮਲਿਕਾਰਜੁਨ ਖੜਗੇ ਲਈ ਵੱਡੀ ਚੁਣੌਤੀ ਹੋਵੇਗੀ। ਖੜਗੇ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਬੁੱਧਵਾਰ ਸਵੇਰੇ ਰਾਜ ਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਖੜਗੇ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਚੁਣੇ ਜਾਣ ’ਤੇ PM ਮੋਦੀ ਨੇ ਮੱਲਿਕਾਰਜੁਨ ਖੜਗੇ ਨੂੰ ਦਿੱਤੀ ਵਧਾਈ