ਮਾਲਦੀਵ ਦੇ ਰੱਖਿਆ ਮੰਤਰੀ ਨਾਲ ਮਿਲੀ ਸੁਸ਼ਮਾ, ਭਾਰਤੀ ਹਿੱਤਾਂ ''ਤੇ ਹੋਈ ਚਰਚਾ
Thursday, Jan 11, 2018 - 06:24 PM (IST)

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਮਾਲਦੀਵ ਦੇ ਆਪਣੇ ਸਮਾਨ ਮੁਹੰਮਦ ਆਸਿਮ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਭਾਰਤੀ ਹਿੱਤਾਂ 'ਤੇ ਖਾਸ ਗੱਲ ਬਾਤ ਕੀਤੀ। ਚੀਨ ਅਤੇ ਮਾਲਦੀਵ ਵਿਚਾਲੇ ਮੁਕਤ ਵਪਾਰ ਸਮਝੌਤੇ (ਐਫ. ਟੀ. ਏ.) ਸਮੇਤ ਕਈ ਮੁੱਦਿਆਂ 'ਤੇ ਦੋ ਪੱਖੀ ਸੰਬੰਧਾਂ 'ਚ ਤਣਾਅ ਵਿਚਾਲੇ ਇਹ ਗੱਲਬਾਤ ਦੋਵਾਂ ਦੇਸ਼ਾਂ ਦੇ ਵਿਦੇਸ਼ੀ ਮੰਤਰੀਆਂ ਵਿਚਾਲੇ ਹੋਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਸੁਸ਼ਮਾ ਨੇ ਮਾਲਦੀਵ ਦੇ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਦੇ ਵਿਦੇਸ਼ ਦੂਤ ਮੁੰਹਮਦ ਆਸਿਮ ਨਾਲ ਮੁਲਾਕਾਤ ਕੀਤੀ। ਮਾਲਦੀਵ ਦੀ 'ਭਾਰਤ ਪਹਿਲਾਂ' ਨੀਤੀ ਅਤੇ ਸਾਡੀ 'ਗੁਆਂਢੀ ਪਹਿਲਾਂ' ਦੀ ਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਦੋਵਾਂ ਨੇ ਦੋ ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕਾਰਗਰ ਚਰਚਾ ਕੀਤੀ।
ਮੰਨਿਆ ਜਾਂਦਾ ਹੈ ਕਿ ਮਾਲਦੀਵ ਦੇ ਆਗੂ ਨੇ ਦੁਹਰਾਇਆ ਕਿ ਮਾਲਦੀਵ ਅਜਿਹਾ ਕੋਈ ਕੰਮ ਨਹੀਂ ਕਰੇਗਾ, ਜਿਸ ਨਾਲ ਭਾਰਤੀ ਹਿੱਤਾਂ ਨੂੰ ਨੁਕਸਾਨ ਪਹੁੰਚੇ ਅਤੇ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦਾ ਦੇਸ਼ ਹਿੰਦ ਮਹਾਸਾਗਰ ਖੇਤਰ 'ਚ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਭਾਰਤ ਦੀਆਂ ਚਿੰਤਾਵਾਂ ਨੂੰ ਲੈ ਕੇ ਸੰਵੇਦਨਸ਼ੀਲ ਹੈ।
ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁਕਿਆ ਹੈ ਕਿ ਉਸ ਨੂੰ ਉਮੀਦ ਹੈ ਕਿ ਇਕ ਕਰੀਬੀ ਅਤੇ ਦੋਸਤਾਨਾ ਗੁਆਂਢੀ ਹੋਣ ਦੇ ਨਾਤੇ ਮਾਲਦੀਵ ਆਪਣੀ 'ਭਾਰਤ ਪਹਿਲਾਂ' ਦੀ ਨੀਤੀ ਨੂੰ ਧਿਆਨ 'ਚ ਰੱਖ ਕੇ ਉਸ ਦੀਆਂ ਚਿੰਤਾਵਾਂ ਨੂੰ ਲੈ ਕੇ ਸੰਵੇਦਨਸ਼ੀਲ ਹੋਵੇਗਾ। ਭਾਰਤ ਨੇ ਇਹ ਪ੍ਰਤੀਕਿਰਿਆ ਮਾਲਦੀਵ-ਚੀਨ ਮੁਕਤ ਵਪਾਰ ਸਮਝੌਤੇ (ਐਫ. ਟੀ. ਏ.) ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਦਿੱਤੀ ।