ਗਰਭਵਤੀ ਕਰੋ ਤੇ 25 ਲੱਖ ਪਾਓ… ਜੇਕਰ ਤੁਹਾਨੂੰ ਵੀ ਆਏ ਅਜਿਹਾ ਮੈਸੇਜ ਤਾਂ ਕਰੋ ਇਹ ਕੰਮ

Wednesday, Aug 07, 2024 - 05:04 PM (IST)

ਗਰਭਵਤੀ ਕਰੋ ਤੇ 25 ਲੱਖ ਪਾਓ… ਜੇਕਰ ਤੁਹਾਨੂੰ ਵੀ ਆਏ ਅਜਿਹਾ ਮੈਸੇਜ ਤਾਂ ਕਰੋ ਇਹ ਕੰਮ

ਨੈਸ਼ਨਲ ਡੈਸਕ : ਰਾਜਸਥਾਨ ਦੇ ਡੀਗ ਜ਼ਿਲ੍ਹੇ 'ਚ ਸਾਈਬਰ ਧੋਖਾਧੜੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਧੋਖੇਬਾਜ਼ਾਂ ਨੇ ਫਰਜ਼ੀ ਮੈਸੇਜ ਭੇਜ ਕੇ ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਅਪਣਾਇਆ ਸੀ। ਇਨ੍ਹਾਂ ਸੰਦੇਸ਼ਾਂ ਵਿਚ ਲਿਖਿਆ ਗਿਆ ਸੀ ਤਿ ਔਰਤ ਨੂੰ ਗਰਭਵਤੀ ਕਰੋ ਅਤੇ 25 ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰੋ। ਇਸ ਧੋਖਾਧੜੀ ਦੇ ਮਾਮਲੇ ਵਿਚ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੇ ਇਸ ਧੋਖਾਧੜੀ ਰਾਹੀਂ ਕਈ ਲੋਕਾਂ ਨਾਲ ਠੱਗੀ ਮਾਰੀ ਸੀ।

ਇਹ ਧੋਖੇਬਾਜ਼ ਫਰਜ਼ੀ ਮੈਸੇਜ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਦੇ ਸਨ ਅਤੇ ਫਿਰ ਫਰਜ਼ੀ ਨੰਬਰਾਂ ਤੋਂ ਉਨ੍ਹਾਂ ਨੂੰ ਫੋਨ ਕਰਕੇ 25 ਲੱਖ ਰੁਪਏ ਦੀ ਪੇਸ਼ਕਸ਼ ਕਰਦੇ ਸਨ। ਇਸ ਤੋਂ ਬਾਅਦ ਸੁਰੱਖਿਆ ਦੇ ਨਾਂ 'ਤੇ ਪੈਸੇ ਦੀ ਮੰਗ ਕੀਤੀ ਗਈ। ਜੇ ਕੋਈ ਇਸ ਝਾਂਸੇ 'ਚ ਆ ਜਾਂਦਾ ਤਾਂ ਉਹਨਾਂ ਨੂੰ ਇੱਕ ਲਿੰਕ ਭੇਜਿਆ ਜਾਂਦਾ। ਲਿੰਕ 'ਤੇ ਕਲਿੱਕ ਕਰਦੇ ਹੀ ਮੁਲਜ਼ਮ ਪੀੜਤ ਦਾ ਬੈਂਕ ਖਾਤਾ ਖਾਲੀ ਕਰ ਦਿੰਦੇ ਸਨ।

ਪੁਲਸ ਵੱਲੋਂ ਇਸ ਮਾਮਲੇ ਵਿਚ ਰਾਜੂ ਪੁੱਤਰ ਹਸਨ ਵਾਸੀ ਜੰਗਲੀ ਪਿੰਡ, ਡੀਗ ਜ਼ਿਲ੍ਹਾ, ਰਾਹਿਲ ਪੁੱਤਰ ਸਪਤ, ਕਨਹੋਰ, ਖਾਲਿਦ ਪੁੱਤਰ ਹਾਰੂਨ, ਬਕਸੁਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਕਈ ਜਾਅਲੀ ਸਿਮ ਕਾਰਡ, ਏਟੀਐੱਮ ਕਾਰਡ ਅਤੇ ਮੋਬਾਈਲ ਫੋਨ ਬਰਾਮਦ ਹੋਏ ਹਨ। ਇਹ ਲੋਕ ਸੋਸ਼ਲ ਮੀਡੀਆ 'ਤੇ ਫਰਜ਼ੀ ਇਸ਼ਤਿਹਾਰ ਦਿੰਦੇ ਸਨ, ਜਿਸ ਰਾਹੀਂ ਉਹ ਲੋਕਾਂ ਨਾਲ ਠੱਗੀ ਮਾਰਦੇ ਸਨ। ਗੋਪਾਲਗੜ੍ਹ ਪੁਲਸ ਸਟੇਸ਼ਨ ਨੇ ਦੱਸਿਆ ਕਿ ਇਸ ਮਾਮਲੇ ਤੋਂ ਬਾਅਦ ਮੇਵਾਤ ਇਲਾਕੇ 'ਚ ਸਾਈਬਰ ਕਰਾਈਮ ਖਿਲਾਫ ਐਂਟੀ ਵਾਇਰਸ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਨੇ ਇਨ੍ਹਾਂ ਠੱਗਾਂ ਨੂੰ ਜੰਗਲ ਵਿੱਚ ਭੱਜਦੇ ਹੋਏ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਸ਼ੱਕੀ ਸੁਨੇਹੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ।


author

Baljit Singh

Content Editor

Related News