15 ਸਾਲ ਪੁਰਾਣੇ ਬਹੁ-ਚਰਚਿਤ ਮੈਨਾਠੇਰ ਕਾਂਡ ’ਚ ਵੱਡਾ ਫੈਸਲਾ, 16 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ
Sunday, Mar 29, 2026 - 02:06 AM (IST)
ਮੁਰਾਦਾਬਾਦ - 15 ਸਾਲ ਪੁਰਾਣੇ ਬਹੁ-ਚਰਚਿਤ ਮੈਨਾਠੇਰ ਮਾਮਲੇ ’ਚ ਅਦਾਲਤ ਨੇ ਸ਼ਨੀਵਾਰ ਵੱਡੇ ਫੈਸਲੇ ਅਧੀਨ 16 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਉਸ ਵੇਲੇ ਦੇ ਡੀ. ਆਈ. ਜੀ. ਦੀ ਹੱਤਿਆ ਦੀ ਕੋਸ਼ਿਸ਼, ਸਰਕਾਰੀ ਪਿਸਤੌਲ ਦੀ ਲੁੱਟ ਤੇ ਪੁਲਸ ਸਟੇਸ਼ਨ ’ਤੇ ਅੱਗ ਲਾਉਣ ਨੂੰ ਘਿਨੌਣਾ ਅਪਰਾਧ ਮੰਨਿਆ। ਏ. ਡੀ. ਜੇ.-2 ਅਦਾਲਤ ਦੇ ਜੱਜ ਕ੍ਰਿਸ਼ਨਾ ਕੁਮਾਰ ਨੇ ਸਾਰੇ ਦੋਸ਼ੀਆਂ ਨੂੰ ਜੁਰਮਾਨਾ ਵੀ ਲਾਇਆ। ਫੈਸਲੇ ਤੋਂ ਬਾਅਦ ਸਾਰਿਆਂ ਨੂੰ ਸਖ਼ਤ ਸੁਰੱਖਿਆ ਹੇਠ ਜੇਲ ਭੇਜ ਦਿੱਤਾ ਗਿਆ।
ਇਹ ਘਟਨਾ 6 ਜੁਲਾਈ, 2011 ਦੀ ਹੈ। ਉਦੋਂ ਪਿੰਡ ਵਾਸੀਆਂ ਨੇ ਅਸਲਾਤ ਨਗਰ ਬਾਘਾ ਪਿੰਡ ’ਚ ਛੇੜਛਾੜ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਟੀਮ ’ਤੇ ਹਮਲਾ ਕਰ ਦਿੱਤਾ ਸੀ। ਇਸ ਕਾਰਨ ਹਿੰਸਾ ਭੜਕ ਗਈ ਸੀ ਤੇ ਗੁੱਸੇ ’ਚ ਆਈ ਭੀੜ ਨੇ ਸੜਕ ਜਾਮ ਕਰ ਦਿੱਤੀ ਸੀ। ਸਥਿਤੀ ਨੂੰ ਕਾਬੂ ਕਰਨ ਲਈ ਉਦੋਂ ਦੇ ਡੀ. ਆਈ. ਜੀ. ਅਸ਼ੋਕ ਕੁਮਾਰ ਮੌਕੇ ’ਤੇ ਪਹੁੰਚੇ। ਅਸ਼ੋਕ ਕੁਮਾਰ ਤੇ ਉਨ੍ਹਾਂ ਦੀ ਟੀਮ ਨੂੰ ਭੀੜ ਨੇ ਘੇਰ ਲਿਆ। ਦੰਗਾਕਾਰੀਆਂ ਨੇ ਡੀ. ਆਈ. ਜੀ. ’ਤੇ ਡੰਡਿਆਂ ਨਾਲ ਹਮਲਾ ਕੀਤਾ, ਉਨ੍ਹਾਂ ਦੀ ਸਰਕਾਰੀ ਪਿਸਤੌਲ ਖੋਹ ਲਈ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
ਇਸ ਘਟਨਾ ’ਚ ਕੁੱਲ 18 ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ। ਲੋਕਾਂ ਨੇ ਡਿੰਗਾਰਪੁਰ ਪੁਲਸ ਚੌਕੀ ਸਮੇਤ ਕਈ ਸਰਕਾਰੀ ਵਾਹਨਾਂ ਨੂੰ ਅੱਗ ਲਾ ਦਿੱਤੀ, ਜਿਸ ਨਾਲ ਇਲਾਕੇ ’ਚ ਵਿਆਪਕ ਦਹਿਸ਼ਤ ਫੈਲ ਗਈ। ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਅਦਾਲਤ ਨੇ 23 ਮਾਰਚ ਨੂੰ 14 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ। 2 ਹੋਰ ਫਰਾਰ ਮੁਲਜ਼ਮਾਂ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ।
