14 ਸਾਲ ਬਾਅਦ ਆਇਆ ਫ਼ੈਸਲਾ: ਪੁਲਸ ’ਤੇ ਹਮਲੇ ਦੇ 30 ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ
Thursday, May 14, 2026 - 03:45 AM (IST)
ਬੁਲੰਦਸ਼ਹਿਰ - ਬੁਲੰਦਸ਼ਹਿਰ ਜ਼ਿਲੇ ਵਿਚ ਸਾਲ 2012 ਵਿਚ ਪੁਲਸ ਪਾਰਟੀ ’ਤੇ ਹਮਲਾ ਕਰਨ ਅਤੇ ਸੜਕ ਜਾਮ ਕਰਨ ਦੇ ਮਾਮਲੇ ਵਿਚ ਅਦਾਲਤ ਨੇ 30 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 3-3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹਰੇਕ ਦੋਸ਼ੀ ’ਤੇ 5000-5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਹ ਮਾਮਲਾ 18 ਨਵੰਬਰ, 2012 ਦਾ ਹੈ। ਥਾਣਾ ਸਲੇਮਪੁਰ ਖੇਤਰ ਦੇ ਪਿੰਡ ਮੁਕੀਮਪੁਰ ਵਿਚ ਮੁਲਜ਼ਮਾਂ ਵੱਲੋਂ ਸੜਕ ਜਾਮ ਕਰ ਕੇ ਰਸਤਾ ਰੋਕਿਆ ਗਿਆ ਸੀ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਟੀਮ ’ਤੇ ਭੀੜ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿਚ ਕਈ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਵਿਚ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਮਨੋਜ, ਮੋਹਨ ਲਾਲ, ਨਵਾਬ, ਦੇਵੇਂਦਰ, ਨਰਿੰਦਰ, ਰਾਮਕੇਸ਼, ਰਮੇਸ਼, ਦੌਲਤ, ਮਨਵੀਰ, ਅਜੇ, ਬੀਨਾ, ਰਿਸ਼ੀਪਾਲ, ਰਾਜੂ, ਰਾਜੂਦੀਨ, ਰਾਮਵੀਰ, ਸੰਜੇ, ਬੌਬੀ, ਯਸ਼ਪਾਲ, ਭਰਤ, ਟੀਟੂ, ਪ੍ਰੇਮ, ਬੰਟੀ ਸਮੇਤ 30 ਲੋਕਾਂ ਖ਼ਿਲਾਫ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਪੜਤਾਲ ਪੂਰੀ ਕਰਨ ਤੋਂ ਬਾਅਦ ਪੁਲਸ ਨੇ 31 ਦਸੰਬਰ, 2012 ਨੂੰ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਇਸ ਮਾਮਲੇ ਦੀ ਸੁਣਵਾਈ ਏ. ਡੀ. ਜੇ.-01 ਅਦਾਲਤ ਵਿਚ ਹੋਈ। ਜੱਜ ਧੀਰੇਂਦਰ ਕੁਮਾਰ-3 ਨੇ ਮੌਜੂਦ ਸਬੂਤਾਂ ਦੇ ਆਧਾਰ ’ਤੇ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ। ਇਸਤਗਾਸਾ ਪੱਖ ਵੱਲੋਂ ਸਰਕਾਰੀ ਵਕੀਲ ਰਾਜੀਵ ਕੁਮਾਰ ਮਲਿਕ ਨੇ ਪ੍ਰਭਾਵਸ਼ਾਲੀ ਪੈਰਵੀ ਕੀਤੀ। ਅਦਾਲਤ ਦੇ ਇਸ ਫ਼ੈਸਲੇ ਨਾਲ ਪੁਲਸ ’ਤੇ ਹਮਲੇ ਦੇ ਇਸ ਬਹੁ-ਚਰਚਿਤ ਮਾਮਲੇ ਦੀ ਲੰਬੀ ਸੁਣਵਾਈ ਖ਼ਤਮ ਹੋ ਗਈ ਹੈ।
